Sunday, August 16

ਵਪਾਰੀਆਂ ਦੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਪਾਰੀਆਂ ਦੀ ਹੋਈ ਉੱਚ ਪੱਧਰੀ ਮੀਟਿੰਗ

  • ਸਫ਼ਾਈ, ਟਰੈਫਿਕ, ਪਾਰਕਿੰਗ ਅਤੇ ਸ਼ਹਿਰੀ ਸਹੂਲਤਾਂ ਵਿੱਚ ਸੁਧਾਰ ਲਈ ਸਮੇਂਬੱਧ ਕਾਰਵਾਈ ਦੇ ਡਿਪਟੀ ਕਮਿਸ਼ਨਰ ਨੇ ਦਿੱਤੇ ਨਿਰਦੇਸ਼

ਮਾਲੇਰਕੋਟਲਾ, (ਸੰਜੇ ਮਿੰਕਾ) ਜ਼ਿਲ੍ਹਾ ਮਾਲੇਰਕੋਟਲਾ ਵਿੱਚ ਵਪਾਰਿਕ ਭਾਈਚਾਰੇ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਅਤੇ ਸੀਨੀਅਰ ਕਪਤਾਨ ਪੁਲਿਸ ਗੁਰਮੀਤ ਸਿੰਘ ਨੇ ਪੰਜਾਬ ਟਰੇਡਰਜ਼ ਕਮਿਸ਼ਨ ਦੇ ਨੁਮਾਇੰਦਿਆਂ, ਵਪਾਰਕ ਜਥੇਬੰਦੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਪਾਰੀਆਂ ਦੀਆਂ ਸਮੱਸਿਆਵਾਂ, ਸੁਝਾਅ ਅਤੇ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਵਪਾਰੀਆਂ ਨੇ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ, ਟਰੈਫਿਕ ਵਿਵਸਥਾ, ਪਾਰਕਿੰਗ, ਇੰਟਰਲਾਕ ਟਾਈਲਾਂ, ਬਿਜਲੀ ਦੀਆਂ ਤਾਰਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਆਪਣੀਆਂ ਮੰਗਾਂ ਅਤੇ ਸੁਝਾਅ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੇ। ਡਿਪਟੀ ਕਮਿਸ਼ਨਰ ਨੇ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਦਿਆਂ ਸਬੰਧਿਤ ਅਧਿਕਾਰੀਆਂ ਨੂੰ ਸਮੇਂਬੱਧ ਕਾਰਵਾਈ ਕਰਕੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਚੇਅਰਪਰਸਨ, ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਮਾਲੇਰਕੋਟਲਾ ਆਜਮ ਦਾਰਾ ਨੇ ਜਨਤਕ ਪਖਾਨਿਆਂ ਦੀ ਨਿਯਮਤ ਸਫ਼ਾਈ ਅਤੇ ਸੰਭਾਲ, ਗੈਰ-ਰਜਿਸਟਰਡ ਈ-ਰਿਕਸ਼ਿਆਂ ਦੀ ਰੈਗੂਲੇਸ਼ਨ, ਬਾਜ਼ਾਰਾਂ ਦੀ ਸਫ਼ਾਈ ਅਤੇ ਬਿਜਲੀ ਦੀਆਂ ਤਾਰਾਂ ਦੇ ਸੁਧਾਰ ਸਬੰਧੀ ਮੁੱਦੇ ਉਠਾਏ। ਇਸੇ ਤਰ੍ਹਾਂ ਚੇਅਰਪਰਸਨ, ਵਿਧਾਨ ਸਭਾ ਹਲਕਾ ਅਮਰਗੜ੍ਹ ਅਸ਼ਵਨੀ ਕੁਮਾਰ ਨੇ ਲਾਇਬ੍ਰੇਰੀ ਅਤੇ ਖੇਡ ਮੈਦਾਨਾਂ ਦੀ ਮੁਰੰਮਤ, ਮਹਿਲਾਵਾਂ ਲਈ ਜਨਤਕ ਪਖਾਨਿਆਂ ਦੀ ਉਪਲਬਧਤਾ ਅਤੇ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਠੋਸ ਕਦਮ ਚੁੱਕਣ ਦੀ ਲੋੜ ‘ਤੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਪਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਾਰਜ ਸਾਧਕ ਅਫ਼ਸਰਾਂ ਨੂੰ ਸ਼ਹਿਰ ਦੀ ਸਫ਼ਾਈ ਵਿਵਸਥਾ ਹੋਰ ਮਜ਼ਬੂਤ ਕਰਨ, ਜਨਤਕ ਪਖਾਨਿਆਂ ਦੀ ਨਿਯਮਤ ਸਫ਼ਾਈ ਅਤੇ ਮੁਰੰਮਤ, ਸਟਰੀਟ ਲਾਈਟਾਂ ਦੀ ਦੇਖਭਾਲ, ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸੰਭਾਲ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਸਬੰਧਿਤ ਵਿਭਾਗ ਨੂੰ ਨਿਯਮਤ ਚੈਕਿੰਗ ਮੁਹਿੰਮਾਂ ਚਲਾਉਣ ਲਈ ਵੀ ਕਿਹਾ।ਸੀਨੀਅਰ ਕਪਤਾਨ ਪੁਲਿਸ ਗੁਰਮੀਤ ਸਿੰਘ ਨੇ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਅਤੇ ਕਾਰੋਬਾਰ ਲਈ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਪੁਲਿਸ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਵਨ-ਵੇ ਟਰੈਫਿਕ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਾਲ-ਨਾਲ ਵਾਹਨਾਂ ਲਈ ਸੁਚੱਜੇ ਪਾਰਕਿੰਗ ਪ੍ਰਬੰਧ ਵੀ ਯਕੀਨੀ ਬਣਾਏ ਜਾਣਗੇ, ਜਿਸ ਨਾਲ ਟਰੈਫਿਕ ਜਾਮ ਦੀ ਸਮੱਸਿਆ ਵਿੱਚ ਕਮੀ ਆਵੇਗੀ ਅਤੇ ਆਮ ਲੋਕਾਂ ਅਤੇ ਵਪਾਰੀਆਂ ਨੂੰ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਮਿਲੇਗੀ।ਮੀਟਿੰਗ ਵਿੱਚ ਚੇਅਰਪਰਸਨ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਇਮਤਿਆਜ਼ ਅਲੀ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਮਾਲੇਰਕੋਟਲਾ ਕਨੂ ਗਰਗ, ਐਸ.ਡੀ.ਐਮ. ਅਹਿਮਦਗੜ੍ਹ/ਅਮਰਗੜ੍ਹ ਰਾਕੇਸ਼ ਕੁਮਾਰ ਸ਼ਰਮਾ, ਡੀ.ਐਸ.ਪੀ. ਸੁਮੀਤ ਸੂਦ, ਸਹਾਇਕ ਕਮਿਸ਼ਨਰ ਮਨਦੀਪ ਕੌਰ, ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਚੰਦਰ ਪ੍ਰਕਾਸ਼ ਵਧਵਾ, ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ/ਅਮਰਗੜ੍ਹ ਅਸ਼ੀਸ਼ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com