Tuesday, March 19

ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਲਈ ਕੀਤਾ ਜਾਗਰੂਕ

ਲੁਧਿਆਣਾ, (ਸੰਜੇ ਮਿੰਕਾ) – ਕੋਵਿਡ ਦੇ ਵੱਧਦੇ ਕੇਸਾਂ ਦੇ ਮੱਦੇਨਜਰ ਅੱਜ ਸਿਵਿਲ ਸਰਜਨ, ਲੁਧਿਆਣਾ ਦੀਆਂ ਜਾਗਰੂਕਤਾ ਟੀਮਾਂ ਵੱਲੋਂ ਲੁਧਿਆਣਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਬਾਜ਼ਾਰਾਂ ਦੇ ਦੁਕਾਨਾਂਦਾਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਜਾਗਰੂਕਤਾ ਟੀਮਾਂ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਜ਼ਿਲੇ ਵਿੱਚ ਫੈਲ ਰਹੇ ਕੋਰੋਨਾ ਨੂੰ ਰੋਕਣ ਲਈ ਕੋਵੀਡ ਪ੍ਰੋਟੋਕਾਲ ਦੀ ਪਾਲਣਾ ਜਰੂਰ ਕਰਨ। ਜਿਕਰਯੋਗ ਹੈ ਕਿ ਲੁਧਿਆਣਾ ਦੇ ਮਾਸ ਮੀਡੀਆ ਅਫਸਰਾਂ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਅਵੇਅਰਨੈਸ ਟੀਮ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਤਾਇਨਾਤ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੀਮ ਨੂੰ ਵਿਸ਼ੇਸ਼ ਜਾਣਕਾਰੀ ਸਿਖਿਆ ਅਤੇ ਸੰਚਾਰ (ਵੈਨ) ਦਿੱਤੀ ਗਈ ਹੈ, ਜਿਸ ਨੂੰ ਜਨਤਕ ਐਡਰੈਸ ਸਿਸਟਮ ਨਾਲ ਜੋੜਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਕ ਜਗ੍ਹਾ ‘ਤੇ ਬਗੈਰ ਇੱਕਠ ਕੀਤੇ ਜਾਗਰੂਕ ਕੀਤਾ ਜਾ ਸਕੇ. ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਕਿਹਾ ਕਿ ਦੁਕਾਨਦਾਰ ਰੋਜ਼ਾਨਾ ਅਨਜਾਣ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦੇ ਹਨ ਜਿਨ੍ਹਾਂ ਨਾਲ ਹੀ ਉਹ ਚੀਜ਼ਾਂ ਅਤੇ ਪੈਸੇ ਦਾ ਆਦਾਨ-ਪ੍ਰਦਾਨ ਕਰਦੇ ਹਨ ਜਿਸ ਕਾਰਨ ਉਹ ਕਿਸੇ ਵੀ ਵਿਅਕਤੀ ਨਾਲੋਂ ਜ਼ਿਆਦਾ ਵਾਇਰਸ ਦੇ ਖਤਰੇ ਵਿਚ ਹੁੰਦੇ ਹਨ। ਉਨ੍ਹਾਂ ਕਿਹਾ, ਇਹ ਵੀ ਵੇਖਿਆ ਜਾਂਦਾ ਹੈ ਕਿ ਲੋਕ ਸਿਹਤ ਵਿਭਾਗ ਵੱਲੋਂ ਦਿੱਤੇ ਨਿਰਦੇਸ਼ਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸ੍ਰੀ ਕੱਕੜ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਨਿਰਦੇਸ਼ ਦਿੱਤੇ ਜਾਂਦੇ ਹਨ, ਜਿਵੇਂ ਕਿ ਮਾਸਕ ਪਾਕੇ ਰੱਖਣਾ, ਹੱਥ ਧੋਣਾ ਅਤੇ ਉਚਿਤ ਸਮਾਜਿਕ ਦੂਰੀ ਬਣਾ ਕੇ ਰੱਖਣੀ, ਉਹ ਲੋਕਾਂ ਦੇ ਫਾਇਦੇ ਲਈ ਹਨ ਅਤੇ ਨਾਗਰਿਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਜਿਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਲਾ ਮਾਸ ਮੀਡੀਆ ਅਫਸਰ ਹਰਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਕੋਵਿਡ ਕੇਸ ਘਟਣੇ ਸ਼ੁਰੂ ਹੋਏ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਹਾਲਾਂਕਿ, ਹੁਣ ਸਮਾਂ ਫਿਰ ਬਦਲ ਰਿਹਾ ਹੈ ਅਤੇ ਹਾਲਾਤ ਲੋਕਾਂ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ਹੋਣ ਕਰਕੇ ਦੁਕਾਨਦਾਰਾਂ ਨੂੰ ਹਮੇਸ਼ਾਂ ਵਾਇਰਸ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਹੁੰਦਾ ਹੈ ਅਤੇ ਜੇ ਕੋਈ ਦੁਕਾਨਦਾਰ ਕੋਰੋਨਾ ਪੋਜ਼ਟਿਵ ਹੋ ਜਾਂਦਾ ਹੈ ਤਾਂ ਉਹ ਅਣਜਾਣੇ ਵਿਚ ਵਾਇਰਸ ਫੈਲਾਉਣ ਵਾਲਾ ਬਣ ਜਾਂਦਾ ਹੈ ਜੋ ਹੋਰਾਂ ਨੂੰ ਖਤਰੇ ਵਿਚ ਪਾ ਦਿੰਦਾ ਹੈ। ਇਸ ਲਈ, ਇਹ ਸੁਨਿਸ਼ਚਿਤ ਕਰਨਾ ਜਰੂਰੀ ਹੈ ਕਿ ਦੁਕਾਨਦਾਰ ਅਤੇ ਗ੍ਰਾਹਕ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਜਾਗਰੂਕਤਾ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਉਹ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਾਰੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ।

About Author

Leave A Reply

WP2Social Auto Publish Powered By : XYZScripts.com