Sunday, April 28

ਮੁਫ਼ਤ ਬੱਸ ਯਾਤਰਾ ਸਕੀਮ ਨਾਲ ਮਹਿਲਾ ਯਾਤਰੀਆਂ ਦੇ ਚਿਹਰੇ ‘ਤੇ ਆਈਆਂ ਰੋਣਕਾਂ

  • ਸੂਬਾ ਸਰਕਾਰ ਦੀ ਵੀ ਕੀਤੀ ਜਾ ਰਹੀ ਭਰਪੂਰ ਸ਼ਲਾਘਾ
  • ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਵਿੱਚ ਨਾਰੀ ਸਸ਼ਕਤੀਕਰਨ ਨੂੰ ਕੀਤਾ ਜਾਵੇਗਾ ਮਜ਼ਬੂਤ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ, (ਸੰਜੇ ਮਿੰਕਾ,) – ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫਤ ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ  ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ ਨੇ ਮਹਿਲਾ ਯਾਤਰੀਆਂ ਦੇ ਚਿਹਰਿਆਂ ‘ਤੇ ਰੌਣਕਾਂ ਲਿਆ ਦਿੱਤੀਆਂ ਹਨ, ਜਿਸ ਲਈ ਉਨ੍ਹਾਂ ਵੱਲੋਂ ਸੂਬਾ ਸਰਕਾਰ ਦੀ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਇੱਕ ਮਹਿਲਾ ਯਾਤਰੀ ਸ਼ਸ਼ੀ ਵੱਲੋਂ ਅਮਰ ਸ਼ਹੀਦ ਸੁਖਦੇਵ ਇੰਟਰਸਟੇਟ ਬੱਸ ਟਰਮੀਨਲ ਵਿਖੇ, ਜੋ ਆਪਣੇ ਪਰਿਵਾਰ ਨਾਲ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ, ਨੇ ਕਿਹਾ ਕਿ ਉਹ ਪ੍ਰਤੀ ਸਵਾਰੀ 200 ਰੁਪਏ ਕਿਰਾਏ ਵਜੋਂਂ ਅਦਾ ਕਰਦੀ ਸੀ ਅਤੇ ਹੁਣ ਉਹ ਬਿਨਾਂ ਇੱਕ ਪੈਸਾ ਖਰਚ ਕੀਤੇ ਸਫਰ ਕਰ ਰਹੀ ਹੈ। ਉਸਨੇ ਕਿਹਾ ਕਿ ਮੁਫਤ ਸਫ਼ਰ ਇਕ ਵਰਦਾਨ ਹੈ ਅਤੇ ਉਹ ਬਹੁਤ ਖੁਸ਼ ਹੈ, ਕਿਉਂਕਿ ਇਸ ਨਾਲ ਉਸਨੂੰ ਕਾਫ਼ੀ ਪੈਸੇ ਦੀ ਬੱਚਤ ਹੋਵੇਗੀ । ਫਿਰੋਜ਼ਪੁਰ ਜਾ ਰਹੀ ਸਰਬਜੀਤ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁਫਤ ਬੱਸ ਯਾਤਰਾ ਦੇ ਵਿਸ਼ੇਸ਼ ਤੋਹਫ਼ੇ ਲਈ ਧੰਨਵਾਦ ਕੀਤਾ ਕਿਉਂਕਿ ਉਸ ਨੂੰ ਇਸ ਰਸਤੇ ਦੀ ਯਾਤਰਾ ਲਈ 165 ਰੁਪਏ ਅਦਾ ਕਰਨੇ ਪੈਂਦੇ ਸਨ। ਉਸਨੇ ਇਹ ਵੀ ਕਿਹਾ ਕਿ ਇਸ ਇਤਿਹਾਸਕ ਕਦਮ ਨਾਲ ਮੱਧ ਸ਼੍ਰੇਣੀ ਦੇ ਨਾਲ-ਨਾਲ ਮਹਿਲਾ ਯਾਤਰੀਆਂ ਵਿਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ ਅਤੇ ਹੇਠਲੇ ਵਰਗ ਦੇ ਪਰਿਵਾਰ ਪੈਸੇ ਦੀ ਬਚਤ ਕਰ ਸਕਣਗੇ। ਅੰਮ੍ਰਿਤਸਰ ਤੋਂ ਪੰਜਾਬ ਰੋਡਵੇਜ਼ ਦੀ ਬੱਸ ਵਿਚ ਆਈ ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਲੁਧਿਆਣਾ ਤੋਂ 200 ਰੁਪਏ (ਇਕ ਪਾਸੇ ਦਾ 200 ਰੁਪਏ ਕਿਰਾਇਆ) ਖਰਚ ਕਰਦੀ ਸੀ, ਪਰ ਹੁਣ ਉਸਨੂੰ ਕਾਫੀ ਬੱਚਤ ਹੋਵੇਗੀ। ਉਸਨੇ ਕਿਹਾ ਕਿ ਸਰਕਾਰੀ ਬੱਸਾਂ ਦੀ ਯਾਤਰਾ ਵਧੇਰੇ ਸੁਰੱਖਿਅਤ ਅਤੇ ਪ੍ਰੇਸ਼ਾਨੀ ਰਹਿਤ ਹੋਵੇਗੀ। ਉਸਨੇ ਮੁਫਤ ਬੱਸ ਯਾਤਰਾ ਦੀ ਸਹੂਲਤ ਦੇ ਇਸ ਅਸਾਧਾਰਨ ਫੈਸਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਾਰੇ ਬੱਸ ਚਾਲਕਾਂ/ਕੰਡਕਟਰਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਮਹਿਲਾ ਯਾਤਰੀ ਨੂੰ ਸੁਰੱਖਿਅਤ ਅਤੇ ਮੁਸ਼ਕਲ ਰਹਿਤ ਯਾਤਰਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਲਈ ਸਾਰੀਆਂ ਬੱਸਾਂ ਵਿਚ ਪੈਨਿਕ ਬਟਨ ਵੀ ਲਗਾਏ ਹਨ, ਇਸ ਤੋਂ ਇਲਾਵਾ ਇਨ੍ਹਾਂ ਬੱਸਾਂ ਨੂੰ ਜੀ.ਪੀ.ਐਸ. ਤਕਨੀਕ ਨਾਲ ਵੀ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਵਿੱਚ ਨਾਰੀ ਸਸ਼ਕਤੀਕਰਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਉਹ ਪੰਜਾਬ ਦੀ ਸਮਾਜਿਕ ਤੇ ਆਰਥਿਕ ਤਰੱਕੀ ਵਿੱਚ ਵਧੇਰੇ ਸਰਗਰਮੀ ਨਾਲ ਯੋਗਦਾਨ ਪਾਉਣ ਦੇ ਯੋਗ ਬਣਨਗੀਆਂ।

About Author

Leave A Reply

WP2Social Auto Publish Powered By : XYZScripts.com