Wednesday, April 1

ਉੱਦਮੀ ਅਤੇ ਵਾਤਾਵਰਨ ਪ੍ਰੇਮੀ ਕਿਸਾਨ ਹੈ ਨਰਿੰਦਰਪਾਲ ਸਿੰਘ

  • ਹੈਪੀ ਸੀਡਰ ਤਕਨੀਕ ਅਪਣਾਉਣ ਤੋਂ ਬਾਅਦ ਪਰਾਲੀ ਨੂੰ ਨਹੀਂ ਲਾਈ ਅੱਗ

ਲੁਧਿਆਣਾ, (ਸੰਜੇ ਮਿੰਕਾ) – ਬਲਾਕ ਦੋਰਾਹਾ ਦੇ ਪਿੰਡ ਗਿਦੜੀ ਦਾ ਵਸਨੀਕ ਨਰਿੰਦਰਪਾਲ ਸਿੰਘ ਬਹੁਤ ਹੀ ਉੱਦਮੀ ਅਤੇ ਵਾਤਾਵਰਨ ਪ੍ਰੇਮੀ ਕਿਸਾਨ ਹੈ, ਜਿਸਨੇ ਸਿਵਿਲ ਇੰਜਨਿਅਰਿੰਗ ਕਰਕੇ ਨੌਕਰੀ ਦੀ ਥਾਂ ਆਪਣੇ ਪਿਤਾਪੁਰਖੀ ਖੇਤੀ ਦੇ ਕਿੱਤੇ ਨੂੰ ਅਪਣਾਇਆ ਅਤੇ ਇਸ ਪੇਸ਼ੇ ਨੂੰ ਬੁਲੰਦੀਆਂ ਤੇ ਪਹੁੰਚਾਇਆ। ਇਹ ਕਿਸਾਨ ਹਮੇਸ਼ਾਂ ਹੀ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਰਹਿੰਦਾ ਹੈ ਇਸ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀ ਕਲੱਬਾਂ ਨਾਲ ਨੇੜੇ ਦਾ ਰਿਸ਼ਤਾ ਰੱਖਦਾ ਹੈ। ਪੀ.ਏ.ਯੂ. ਲੁਧਿਆਣਾ ਦਾ ਹਰ ਕਿਸਾਨ ਮੇਲਾ ਵੀ ਜ਼ਰੂਰ ਵੇਖਦਾ ਹੈ ਤਾਂ ਜੋ ਹਰ ਨਵੀਂ ਉੱਨਤ ਤਕਨੀਕ ਤੇ ਨਿਗ੍ਹਾ ਰਹੇ। ਕਿਸਾਨ ਆਪਣੇ ਪਰਿਵਾਰ ਦੀ ਜ਼ਰੂਰਤ ਲਈ ਤੇਲਬੀਜ ਅਤੇ ਦਾਲਾਂ ਦੀ ਵੀ ਕਾਸ਼ਤ ਕਰਦਾ ਹੈ। ਨਰਿੰਦਰਪਾਲ ਸਿੰਘ ਨੇ ਸਹਾਇਕ ਧੰਦੇ ਵਜੋ ਖੇਤੀ ਦੇ ਨਾਲ ਪਸ਼ੂ ਪਾਲਣ ਦਾ ਧੰਦਾ ਵੀ ਅਪਣਾਇਆ ਹੋਇਆ ਹੈ। ਉੱਦਮੀ ਕਿਸਾਨ ਨਰਿੰਦਰਪਾਲ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਟੀ ਵਲੋਂ ਜਦੋਂ ਬਿਨਾਂ ਵਹਾਈ ਕਣਕ ਬੀਜਣ ਦੀ ਜੀਰੋ ਟਿਲ ਤਕਨੀਕ ਦਿੱਤੀ ਗਈ ਸੀ ਤਾਂ ਉਹ ਉਨ੍ਹਾਂ ਮੋਹਰੀ ਕਿਸਾਨਾਂ ਵਿੱਚ ਸ਼ਾਮਿਲ ਸੀ ਜਿਹਨਾਂ ਨੇ ਇਸ ਤਕਨੀਕ ਨੂੰ ਸਮਝਿਆ ਤੇ ਅਪਣਾਇਆ। ਉਸਨੇ ਜੀਰੋ ਟਿਲ ਡਰਿਲ ਵਾਲੀ ਕਣਕ ਦੀ ਬਿਜਾਈ ਨੂੰ ਬਾਰੀਕੀ ਨਾਲ ਸਮਝਿਆ ਅਤੇ ਹੋਰਨਾਂ ਕਿਸਾਨਾਂ ਨੂੰ ਇਹ ਤਕਨੀਕ ਅਪਣਾਉਣ ਲਈ ਉਸ ਸਮੇਂ ਪ੍ਰੇਰਿਤ ਕੀਤਾ ਜਦੋਂ ਬਾਕੀ ਕਿਸਾਨ ਅੰਨੇਵਾਹ ਪਰਾਲੀ ਜਲਾਉਂਦੇ ਸਨ। ਵਾਤਾਵਰਣ ਪੱਖੀ ਕਿਸਾਨ ਨੇ ਅੱਗੇ ਦੱਸਿਆ ਕਿ ਉਸ ਵਲੋਂ ਸਿਰਫ ਕੰਬਾਇਨ ਤੋਂ ਡਿੱਗੇ ਫੂਸ ਨੂੰ ਹੀ ਜਲਾਕੇ   15-16 ਸਾਲ ਲਗਾਤਾਰ ਕਣਕ ਦੀ ਬਿਜਾਈ ਕੀਤੀ ਗਈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਰਾਹੀਂ ਹੈਪੀ ਸੀਡਰ ਤਕਨੀਕ ਬਾਰੇ ਜਾਣਕਾਰੀ ਮਿਲਣ ‘ਤੇ ਨਵਾਂ ਹੈਪੀ ਸੀਡਰ ਖੇਤੀਬਾੜੀ ਵਿਭਾਗ, ਦੋਰਾਹਾ ਰਾਹੀਂ ਸਬਸਿਡੀ ‘ਤੇ ਲਿਆ ਅਤੇ ਇਸ ਨਵੀਂ ਵਿਧੀ ਰਾਹੀ ਬਿਲਕੁੱਲ ਪਰਾਲੀ ਨਾ ਜਲਾ ਕੇ ਕਣਕ ਬੀਜਣ ਦੀ ਸ਼ੁਰੂਆਤ ਕੀਤੀ। ਕਿਸਾਨ ਨੂੰ ਪਹਿਲੇ ਸਾਲ ਬਿਜਾਈ ਵਿੱਚ ਕੁਝ ਮੁਸ਼ਕਿਲਾਂ ਆਈਆਂ ਪਰੰਤੂ ਉਸਨੇ ਆਪਣੀ ਸੂਝ ਅਤੇ ਮਿਹਨਤ ਸਦਕਾ ਪੂਰਾ ਝਾੜ ਲਿਆ ਅਤੇ ਬਾਕੀ ਪਿੰਡ ਵਾਸੀਆਂ ਨੂੰ ਵੀ ਇਹ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ। ਕਿਸਾਨ ਲਗਾਤਾਰ ਪੰਜ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੈਪੀ ਸੀਡਰ ਨਾਲ ਬਿਜਾਈ ਕਰ ਰਿਹਾ ਹੈ ਅਤੇ ਦੂਜੇ ਕਿਸਾਨਾਂ ਨੂੰ ਵੀ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਵਾਲੀ ਕੰਬਾਇਨ ਤੋ ਕਰਵਾ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਲਈ ਸੇਧ ਦੇ ਰਿਹਾ ਹੈ। ਉੱਦਮੀ ਕਿਸਾਨ ਨਰਿੰਦਰਪਾਲ ਸਿੰਘ ਨੇ ਪਾਣੀ ਦੀ ਬੱਚਤ ਲਈ ਪਿਛਲੇ ਦੋ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਵੀ ਸ਼ੁਰੂ ਕੀਤੀ ਹੈ ਅਤੇ ਸਫਲਤਾ ਹਾਸਿਲ ਕੀਤੀ ਹੈ। ਅਗਾਂਹਵਧੂ ਸੋਚ ਵਾਲੇ ਇਸ ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਨਵੀਂ ਡਰਿਲ ਖਰੀਦਣ ਦੀ ਥਾਂ ਆਪਣੇ ਕੋਲ ਮੌਜੂਦ ਕਣਕ ਵਾਲੀ ਜੀਰੋ ਟਿਲ ਡਰਿਲ ਵਿੱਚ ਬਦਲਾਅ ਕਰਕੇ ਬਿਜਾਈ ਕਰਨ ਨੂੰ ਪਹਿਲ ਦਿੱਤੀ। ਕਿਸਾਨ ਨੂੰ ਵਾਤਾਵਰਨ ਸੰਭਾਲ ਖੇਤੀਬਾੜੀ ਵਿਭਾਗ ਵਲੋ ਬਲਾਕ ਅਤੇ ਜਿਲਾ ਪੱਧਰ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।  

About Author

Leave A Reply

WP2Social Auto Publish Powered By : XYZScripts.com