Tuesday, March 19

ਪੰਜਾਬੀ ਲੇਖਕਾ ਡਾ: ਅਰਵਿੰਦਰ ਕੌਰ ਕਾਕੜਾ ਤੇ ਸ੍ਵ: ਰੰਗ ਕਰਮੀ ਹੰਸਾ ਸਿੰਘ ਨੂੰ ਹਰਭਜਨ ਹਲਵਾਰਵੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ

ਲੁਧਿਆਣਾ,(ਸੰਜੇ ਮਿੰਕਾ)- ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਕਿਰਤੀ ਕਿਸਾਨ ਮੋਰਚੇ ਚ ਅੱਗੇ ਵਧ ਕੇ ਯੋਗਦਾਨ ਪਾਉਣ ਵਾਲੀ ਅਗਾਂਹਵਧੂ ਪੰਜਾਬੀ ਲੇਖਕਾ ਤੇ ਸਮਾਲੋਚਕ ਡਾ: ਅਰਵਿੰਦਰ ਕੌਰ ਕਾਕੜਾ ਪ੍ਰੋਫੈਸਰ, ਪਬਲਿਕ ਕਾਲਿਜ ਸਮਾਣਾ (ਪਟਿਆਲਾ) ਤੇ ਕਿਸਾਨ ਮਜ਼ਦੂਰ ਸੰਘਰਸ਼ ਲਈ ਨਾਟਕ ਖੇਡਦਿਆਂ ਜਾਨ ਕੁਰਬਾਨ ਕਰ ਗਏ ਨਾਟਕਕਾਰ ਤੇ ਰੰਗ ਕਰਮੀ ਸ: ਹੰਸਾ ਸਿੰਘ ਬਿਆਸ  (ਅੰਮ੍ਰਿਤਸਰ)ਨੂੰ ਸਾਲ 2021 ਦਾ ਸ਼੍ਰੀ ਹਰਭਜਨ ਹਲਵਾਰਵੀ  ਪੁਰਸਕਾਰ ਮਾਰਚ ਮਹੀਨੇ ਪ੍ਰਦਾਨ ਕੀਤਾ ਜਾਵੇਗਾ।
ਸਹਿਯੋਗੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਬਰਿਸਬੇਨ ਦੇ ਪ੍ਰਤੀਨਿਧ ਸਰਬਜੀਤ ਸੋਹੀ ਮੁਤਾਬਕ ਦਲਬੀਰ ਸਿੰਘ ਸੁਮਨ ਹਲਵਾਰਵੀ( ਆਸਟਰੇਲੀਆ)ਦੇ ਪਿਤਾ ਜੀ ਕਾਮਰੇਡ ਰਤਨ ਸਿੰਘ ਹਲਵਾਰਾ ਜੀ ਦੀ ਯਾਦ ਵਿੱਚ ਬਣੇ ਟਰੱਸਟ ਵੱਲੋਂ ਸਥਾਪਿਤ ਇਸ ਪੁਰਸਕਾਰ ਵਿੱਚ ਦੋਹਾਂ ਸ਼ਖ਼ਸੀਅਤਾਂ ਨੂੰ  21 ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਦੋਸ਼ਾਲਾ ਤੇ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਜਾਵੇਗਾ। ਇਹ ਸਮਾਗਮ ਸਦਾ ਵਾਂਗ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ (ਲੁਧਿਆਣਾ) ਵਿਖੇ ਕਰਵਾਇਆ ਜਾਵੇਗਾ।
ਪੁਰਸਕਾਰ ਚੋਣ ਕਮੇਟੀ ਵਿੱਚ ਗੁਰਭਜਨ ਗਿੱਲ, ਡਾ: ਨਿਰਮਲ ਜੌੜਾ, ਡਾ: ਗੋਪਾਲ ਸਿੰਘ ਬੁੱਟਰ, ਡਾ: ਜਗਵਿੰਦਰ ਜੋਧਾ, ਸਰਬਜੀਤ ਸੋਹੀ, ਦਲਬੀਰ ਸਿੰਘ ਸੁਮਨ ਹਲਵਾਰਵੀ ਤੇ ਮਨਜਿੰਦਰ ਧਨੋਆ ਸ਼ਾਮਿਲ ਸਨ।
ਟਰਸਟ ਦੇ ਮੀਡੀਆ ਸਕੱਤਰ ਡਾ: ਜਗਵਿੰਦਰ ਜੋਧਾ ਨੇ ਦੱਸਿਆ ਕਿ ਕਿਰਤੀ ਕਿਸਾਨ ਸੰਘਰਸ਼ ਨੂੰ ਸਾਰਾ ਸਮਾਗਮ ਸਮਰਪਿਤ ਕੀਤਾ ਜਾ ਰਿਹਾ ਹੈ।
ਟਰਸਟ ਦੇ ਜਨਰਲ ਸਕੱਤਰ ਡਾ: ਨਿਰਮਲ ਜੌੜਾ ਮੁਤਾਬਕ ਇਸ ਮੌਕੇ ਕਰਵਾਇਆ ਜਾਣ ਵਾਲਾ ਕਵੀ ਦਰਬਾਰ ਕਿਰਤੀ ਕਿਸਾਨ ਸੰਘਰਸ਼ ਵਿੱਚ ਜਾਨਾਂ ਕੁਰਬਾਨ ਕਰ ਗਏ ਕਿਰਤੀ ਕਿਸਾਨਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਹਰਭਜਨ ਹਲਵਾਰਵੀ ਜੀ ਦੀ ਜੀਵਨ ਸਾਥਣ ਪ੍ਰੋ:  ਪ੍ਰਿਤਪਾਲ ਕੌਰ ਹਲਵਾਰਵੀ, ਉਨਾਂ ਦਾ ਨਿੱਕਾ ਵੀਰ ਤੇ ਇਤਿਹਾਸਕਾਰ ਡਾ: ਨਵਤੇਜ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਦੇ ਡਾਇਰੈਕਟਰ ਸ: ਰਣਜੀਤ ਸਿੰਘ ਧਾਲੀਵਾਲ ਸ਼ਾਮਿਲ ਹੋਣਗੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com