Sunday, April 28

ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਸਿੰਘ ਰਹਿਲ ਦਾ ਰੂ ਬਰੂ ਉਪਰੰਤ ਸਨਮਾਨ

ਲੁਧਿਆਣਾ,(ਸੰਜੇ ਮਿੰਕਾ)-ਇਟਲੀ ਵਿੱਚ ਪਿਛਲੇ ਵੀਹ ਸਾਲ ਤੋਂ ਵੱਸਦੇ ਪੰਜਾਬੀ ਕਵੀ ਤੇ ਕਹਾਣੀਕਾਰ  ਦਲਜਿੰਦਰ ਰਹਿਲ ਦੀ ਵਤਨ ਫੇਰੀ ਤੇ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਰੂ ਬਰੂ ਤੇ ਸਨਮਾਨ ਸਮਾਗਮ ਲਈ ਗੈਰ ਰਸਮੀ ਇਕੱਤਰਤਾ ਕੀਤੀ ਗਈ। ਮੰਗਲੀ(ਰਾਹੋਂ ਰੋਡ। ਲੁਧਿਆਣਾ) ਦੇ ਮੂਲ ਵਸਨੀਕ ਤੇ ਪੰਜਾਬੀ  ਲੇਖਕ ਦਲਜਿੰਦਰ ਸਿੰਘ ਰਹਿਲ ਨੇ ਯੂਰਪ ਦੇ ਵੱਖ ਵੱਖ ਦੇਸ਼ਾਂ ਚ ਵੱਸਦੇ ਲੇਖਕਾਂ ਦੀ ਸਾਹਿੱਤ ਸਿਰਜਣਾ ਅਤੇ ਸਭਿਆਚਾਰਕ ਸਰਗਰਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਭਾਵੇਂ ਇੰਹਲੈਂਡ ਚ ਪੁਰਾਣੇ ਸਮੇਂ ਤੋਂ ਸਾਹਿੱਤਕ ਸਰਗਰਮੀਆਂ ਦਾ ਮਾਹੌਲ ਚੱਲ ਰਿਹਾ ਹੈ ਪਰ ਹੁਣ ਯੂਰਪ ਦੇ ਬਾਕੀ ਦੇਸ਼ਾਂ ਦੇ ਲੇਖਕ ਵੀ ਇੱਕ ਛਤਰੀ ਹੇਠ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਟਲੀ ਸਥਿਤ ਸੰਗੀਤ ਸਾਹਿੱਤ ਸੰਗਮ ਸਭਾ ਅਤੇ ਜਰਮਨ ਦੀਆਂ ਕੁਝ ਸੰਸਥਾਵਾਂ ਕੋਵਿਡ ਹਾਲਤਾਂ ਦੇ ਬਾਵਜੂਦ ਵੀ ਸਰਗਰਮ ਰਹੀਆਂ ਹਨ। ਰੇਡੀਉ, ਟੀ ਵੀ ਚੈਨਲਜ਼ ਤੇ ਅਖ਼ਬਾਰਾਂ ਨੇ ਸਾਨੂੰ ਵਿਸ਼ਾਲ ਪਲੇਟਫਾਰਮ ਉਸਾਰਨ ਵਿੱਚ ਮਦਦ ਕੀਤੀ ਹੈ। ਸ: ਰਹਿਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਚਾਹਲ ਦੇ ਇਟਲੀ ਤੋਂ ਇੰਗਲੈਂਡ ਚਲੇ ਜਾਣ ਕਾਰਨ ਸਰਗਰਮੀਆਂ ਨੂੰ ਕੁਝ ਚਿਰ ਠੱਲ੍ਹ ਪਈ ਸੀ ਪਰ ਹੁਣ ਫੇਰ ਪੂਰੀ ਸਰਗਰਮੀ ਯੂਰਪੀਨ ਦੇਸ਼ਾਂ ਚ ਚੱਲ ਰਹੀ ਹੈ ਅਤੇ ਸ: ਚਾਹਲ ਦੀ ਨਿਰੰਤਰ ਅਗਵਾਈ ਹੁਣ ਵੀ ਸਭਾ ਨੂੰ ਮਿਲ ਰਹੀ ਹੈ। ਦਲਜਿੰਦਰ ਸਿੰਘ ਰਹਿਲ ਦੀ ਕਾਵਿ ਪੁਸਤਕ ਸ਼ਬਦਾਂ ਦੀ ਢਾਲ ਕੁਝ ਸਾਲ ਪਹਿਲਾਂ ਛਪੀ ਸੀ ਪਰ ਇਸ ਵਾਰ ਉਹ ਕਹਾਣੀ ਸੰਗ੍ਰਹਿ ਦਾ ਮਸੌਦਾ ਲੈ ਕੇ ਆਏ ਹਨ। ਇਸ ਪੁਸਤਕ ਦੀ ਸਰਬਪੱਖੀ ਵਿਉਂਤਕਾਰੀ ਕਹਾਣੀਕਾਰ ਸੁਖਜੀਤ ਕਰ ਰਹੇ ਹਨ। 
ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਕੱਤਰ ਮਨਜਿੰਦਰ ਧਨੋਆ ਤੇ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ ਨੇ ਦਲਜਿੰਦਰ ਰਹਿਲ ਨੂੰ ਪੱਤੇ ਪੱਤੇ ਲਿਖੀ ਇਬਾਰਤ (ਲੇਖਕ: ਗੁਰਭਜਨ ਗਿੱਲ ਤੇ ਤੇਜਪ੍ਰਤਾਪ ਸਿੰਘ ਸੰਧੂ) ਤੇ ਹੋਰ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਧੰਨਵਾਦ ਕਰਦਿਆਂ ਮਨਜਿੰਦਰ ਧਨੋਆ ਨੇ ਕਿਹਾ ਕਿ ਬਦੇਸ਼ਾਂ ਚ ਵੱਸਦੇ ਪੰਜਾਬੀ ਲੇਖਕਸਾਡੇ ਬਿਨ ਤਨਖ਼ਾਹੋਂ ਰਾਜਦੂਤ ਹਨ ਜੋ ਵਿਸ਼ਵ ਪੰਜਾਬੀ ਭਾਈਚਾਰਾ ਉਸਾਰਨ ਚ ਮਦਦਗਾਰ ਸਾਬਤ ਹੁੰਦੇ ਹਨ। ਇਕੱਤਰਤਾ ਵਿੱਚ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ  ਜਿੱਤਣ ਵਾਲੇ ਲੇਖਕਾਂ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ, ਬਾਲ ਸਾਹਿੱਤ ਲੇਖਕ ਡਾ: ਕਰਨੈਲ ਸਿੰਘ ਸੋਮਲ ਤੇ ਯੁਵਾ ਲੇਖਕ ਡਾ: ਦੀਪਕ ਧਲੇਵਾਂ  ਨੂੰ ਮੁਬਾਰਕ ਦਿੱਤੀ ਗਈ। ਉੱਘੇ ਲੋਕ ਗਾਇਕ ਜਗਜੀਤ ਸਿੰਘ ਜ਼ੀਰਵੀ, ਸ਼ੌਕਤ ਅਲੀ ਮਤੋਈ, ਡਾ: ਦਰਸ਼ਨ ਬੜੀ ਅਤੇ ਸਰਦੂਲ ਸਿਕੰਦਰ ਜੀ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com