Sunday, April 28

ਪੰਜਾਬੀ ਲੋਕ ਵਿਰਾਸਤ ਦਾ ਸਮਰੱਥ ਤੇ ਸਫ਼ਲ ਪੇਸ਼ਕਾਰ ਸੀ ਡਾ: ਦਰਸ਼ਨ ਬੜੀ- ਗੁਰਭਜਨ ਗਿੱਲ

ਲੁਧਿਆਣਾ,(ਸੰਜੇ ਮਿੰਕਾ)-ਪੰਜਾਬੀ ਲੋਕ ਵਿਰਾਸਤ ਦੇ ਸਮਰੱਥ ਤੇ ਸਫ਼ਲ ਪੇਸ਼ਕਾਰ,ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ, ਥੀਏਟਰ ਅਦਾਕਾਰ,ਖੇਡ ਕੁਮੈਂਟੇਟਰ ਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਅਫ਼ਸਰ ਡਾ: ਦਰਸ਼ਨ ਬੜੀ ਦੇ ਸਦੀਵੀ ਵਿਛੋੜੇ ਤੇ ਅਫ਼ਸੋਸ ਪ੍ਰਗਟ ਕਰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਸਮੁੱਚੇ ਵਿਸ਼ਵ ਚ ਵੱਸਦੀਆਂ ਸਭਿਆਚਾਰਕ ਹਸਤੀਆਂ, ਖੇਡ ਸ਼ਖ਼ਸੀਅਤਾਂ ਤੇ ਪੀ ਏ ਯੂ ਵਿਦਿਆਰਥੀਆਂ ਦੇ ਦਿਲਾਂ ਦੀ ਧੜਕਣ ਸੀ। ਉਸ ਨੂੰ ਭਾਵੇਂ ਮੈਂ ਪੰਜਾਬ ਕਲਾ ਮੰਚ  ਪਟਿਆਲਾ ਦੀ ਪੇਸ਼ਕਾਰੀ ਹਿੰਦ ਦੀ ਚਾਦਰ ਦੀ 1975 ਚ ਪੇਸ਼ਕਾਰੀ ਵੇਲੇ ਅੰਨ੍ਹੇ ਫ਼ਕੀਰ ਦੇ ਰੋਲ ਚ ਗੁਰਗਾਸ ਮਾਨ ਦੇ ਬਾਲ ਸਹਿਯੋਗੀ ਵਜੋਂ  ਸਮਰੱਥ ਕਲਾਕਾਰ ਦੇ ਰੂਪ ਚ ਵੇਖਿਆ ਪਰ ਪੀ ਏ ਯੂ ਸੇਵਾ ਚ ਆਉਣ ਕਰਕੇ 1983 ਤੋਂ ਲਗਾਤਾਰ ਉਸ ਦੇ ਸੰਪਰਕ ਵਿੱਚ ਰਿਹਾ। ਹਰਪਾਲ ਟਿਵਾਣਾ ਜੀ ਦੀਆਂ ਪੰਜਾਬੀ ਭਵਨ ਪੇਸ਼ਕਾਰੀਆਂ ਦੀਵਾ ਬਲ਼ੇ ਸਾਰੀ ਰਾਤ, ਲੌਂਗ ਦਾ ਲਿਸ਼ਕਾਰਾ, ਮੇਲਾ ਮੁੰਡੇ ਕੁੜੀਆਂ ਦਾ ਤੇ ਕਈ ਹੋਰ ਨਾਟਕਾਂ ਚ ਉਸ ਦੀ ਯਾਦਗਾਰੀ ਅਦਾਕਾਰੀ ਰਹੀ। ਮਗਰੋਂ ਉਸ ਰੇਡੀਉ, ਟੀ ਵੀ ਤੇ ਫ਼ਿਲਮਾਂ ਚ ਵੀ ਉਸ ਕੰਮ ਤਾਂ ਕੀਤਾ ਪਰ ਆਪਣੀਆਂ ਸ਼ਰਤਾਂ ਤੇ। ਉਹ ਨਿਰਮਲ ਰਿਸ਼ੀ, ਰਾਜ ਬੱਬਰ, ਗਿਰਿਜਾ ਸ਼ੰਕਰ, ਮੋਹਨ ਬੱਗਣ ਤੇ ਸਰਦਾਰ ਸੋਹੀ ਸਮੇਤ ਕਿੰਨੇ ਕਲਾਕਾਰਾਂ ਦਾ ਸੰਗੀ ਰਿਹਾ। 1987-88 ਚ ਉਹ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਦਾ ਵੀ ਸਕਿੱਟ ਸਾਥੀ ਰਿਹਾ। ਉੱਘੇ ਲੇਖਕਾਂ ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ, ਤੇਜ ਪ੍ਰਤਾਪ ਸਿੰਘ ਸੰਧੂ, ਗੁਰਪ੍ਰੀਤ ਸਿੰਘ ਤੂਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਰਬਜੀਤ ਵਿਰਦੀ, ਰਣਜੋਧ ਸਿੰਘ, ਹਰਦੇਵ ਦਿਲਗੀਰ, ਡਾ: ਨਿਰਮਲ ਜੌੜਾ, ਕੰਵਲਜੀਤ ਸਿੰਘ ਸ਼ੰਕਰ, ਮਲਕੀਤ ਸਿੰਘ ਔਲਖ, ਅਮਨਦੀਪ ਫੱਲੜ੍ਹ ਉੱਘੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਸ਼ਿੰਦਾ, ਪੰਮੀ ਬਾਈ, ਹਰਬੰਸ ਸਹੋਤਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸੁਖਵਿੰਦਰ ਸੁੱਖੀ, ਵੀਰ ਸੁਖਵੰਤ ਤੋਂ ਇਲਾਵਾ ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ, ਮੀਤ ਪ੍ਰਧਾਨ ਦੇਵਿੰਦਰ ਸਿੰਘ ਕਾਲੇ ਨੰਗਲ, ਜਨ ਸਕੱਤਰ ਨਿਸ਼ਾਨ ਸਿੰਘ ਰੰਧਾਵਾ, ਸਭਿਆਚਾਰਕ ਸੱਥ ਦੇ ਚੇਅਰਮੈਨ ਸ. ਜਸਮੇਰ ਸਿੰਘ ਢੱਟ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਡਾ: ਦਰਸ਼ਨ ਬੜੀ ਨਮਿਤ ਭੋਗ ਤੇ ਅੰਤਿਮ ਅਰਦਾਸ ਉਸ ਦੇ ਜੱਦੀ ਪਿੰਡ ਬੜੀ (ਨੇੜੇ ਮਲੇਰਕੋਟਲਾ) ਵਿਖੇ 14 ਫਰਵਰੀ ਨੂੰ ਦੁਪਹਿਰੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

About Author

Leave A Reply

WP2Social Auto Publish Powered By : XYZScripts.com