Tuesday, March 19

ਏ.ਡੀ.ਸੀ. ਵੱਲੋਂ ਮਾਲ ਅਧਿਕਾਰੀਆਂ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ ਨਿਰਧਾਰਤ ਟੀਚੇ ਪ੍ਰਾਪਤ ਕਰਨ ਦੇ ਨਿਰਦੇਸ਼

ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ ਵੱਲੋਂ ਅੱਜ ਮਾਲ ਅਧਿਕਾਰੀਆਂ ਨੂੰ ਚਾਲੂ ਵਿੱਤੀ ਵਰ੍ਹੇ ਦੇ ਅੰਤ ਤੋਂ ਪਹਿਲਾਂ ਵੱਖ-ਵੱਖ ਵਸੂਲੀ ਦੀ ਉਗਰਾਹੀ ਦੇ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ.ਸਕੱਤਰ ਸਿੰਘ ਦੇ ਸਹਿਯੋਗ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ ਨੇ ਕਿਹਾ ਕਿ ਇਸ ਉਗਰਾਹੀ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋੜੀਂਦੇ ਟੀਚੇ ਨਿਰਧਾਰਤ ਸਮੇਂ ਦੇ ਅੰਦਰ ਪ੍ਰਾਪਤ ਕੀਤੇ ਜਾਣੇ ਚਾਹੀਦੇ ਹਨ ਜਿਸ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਸ੍ਰੀ ਬੈਂਸ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਿਹੜੇ ਅਧਿਕਾਰੀ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾਉਣ ਵਿੱਚ ਅਸਫਲ ਰਹਿਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੁਆਰਾ ਮਾਲ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਕੰਮ ਪ੍ਰਤੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮਾਲ ਅਧਿਕਾਰੀ ਕਰਜ਼ਦਾਰਾਂ ਤੋਂ ਬਕਾਇਆ ਰਾਸ਼ੀ ਦੀ ਵਸੂਲੀ ਨੂੰ ਜਲਦ ਤੋਂ ਜਲਦ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ। ਸ੍ਰੀ ਬੈਂਸ ਨੇ ਕਿਹਾ ਕਿ ਡਿਫਾਲਟਰਾਂ ਨੂੰ ਜਾਣਬੁੱਝ ਕੇ ਕਾਨੂੰਨ ਦਾ ਸਹਾਰਾ ਨਾ ਲੈਣ ਦਿੱਤਾ ਜਾਵੇ ਅਤੇ ਉਨ੍ਹਾਂ ਤੋਂ ਬਕਾਇਆ ਰਾਸ਼ੀ ਜਲਦ ਤੋਂ ਜਲਦ ਵਾਪਸ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਿਕਲਾਂ ਦੇ ਹੱਲ ਲਈ ਆਪਣੇ ਅਧਿਕਾਰ ਖੇਤਰ ਇਲਾਕੇ ਵਿੱਚ ਵੱਧ ਤੋਂ ਵੱਧ ਜ਼ਮੀਨੀ ਪੱਧਰ ‘ਤੇ ਨਿਰੀਖਣ ਕਰਨ। ਸ੍ਰੀ ਬੈਂਸ ਨੇ ਕਿਹਾ ਕਿ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪਾਬੰਦ ਹਨ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ ਅਤੇ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ।
ਇਸ ਮੌਕੇ ਐਸ.ਡੀ.ਐਮਜ਼. ਸ੍ਰੀ ਅਮਰਿੰਦਰ ਮੱਲ੍ਹੀ, ਡਾ. ਬਲਜਿੰਦਰ ਸਿੰਘ ਢਿੱਲੋਂ, ਸ.ਨਰਿੰਦਰ ਸਿੰਘ ਧਾਲੀਵਾਲ, ਸ. ਮਨਕੰਵਲ ਸਿੰਘ ਚਾਹਲ, ਆਰ.ਟੀ.ਏ. ਸ੍ਰੀ ਸੰਦੀਪ ਗੜ੍ਹਾ, ਆਈ.ਏ.ਐਸ. (ਯੂਟੀ) ਸ੍ਰੀ ਆਕਾਸ਼ ਬਾਂਸਲ ਅਤੇ ਹੋਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com