Saturday, April 27

ਅਨਾਜ ਮੰਡੀ ਮੁੱਲਾਂਪੁਰ ਚ’ ਖ਼ੁਰਾਕ ਸਪਲਾਈਜ ਮੰਤਰੀ ਆਸ਼ੂ ਵੱਲੋਂ ਝੋਨੇ ਦੀ ਖਰੀਦ ਦਾ ਰਸਮੀ ਉਦਘਾਟਨ

  • ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਕੀਤੇ ਗਏ ਸਚੁੱਜੇ ਪ੍ਰਬੰਧ
  • ਕਿਸਾਨਾਂ ਵੱਲੋਂ ਖੂਨ-ਪਸੀਨਾ ਇੱਕ ਕਰਕੇ ਪਾਲੀ ਫਸਲ ਦਾ ਇੱਕ-ਇੱਕ ਦਾਣਾ ਕੀਤਾ ਜਾਵੇਗਾ ਖਰੀਦ – ਭਾਰਤ ਭੂਸ਼ਣ ਆਸ਼ੂ


ਲੁਧਿਆਣਾ,(ਸੰਜੇ ਮਿੰਕਾ) – ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਵੱਲੋਂ ਅੱਜ ਜਿਲ੍ਹਾ ਲੁਧਿਆਣਾ ਦੀ ਮੁੱਲਾਂਪੁਰ ਅਨਾਜ ਮੰਡੀ ‘ਚ ਝੋਨੇ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ ਕੀਤਾ ਗਿਆ।  ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਖੁਰਾਕ ਸਪਲਾਈਜ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਇਸ ਮੌਕੇ ਜੁੜੇ ਆੜਤੀਆਂ, ਕਿਸਾਨਾਂ ਅਤੇ ਮੰਡੀ ‘ਚ ਕੰਮ ਕਰਦੇ ਮਜ਼ਦੂਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਕੋਵਿਡ ਮਹਾਂਮਾਰੀ ਦੌਰਾਨ ਝੋਨੇ ਦੀ ਖਰੀਦ ਲਈ ਸਚੁੱਜੇ ਅਤੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਮੰਡੀਕਰਨ ਸਮੇਂ ਕਿਸਾਨਾਂ ਨੂੰ ਕੋਈ ਵੀ ਔਕੜ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ 17 ਪ੍ਰਤੀਸ਼ਤ ਤੱਕ ਨਮੀ ਵਾਲਾ ਝੋਨਾ ਖਰੀਦਿਆ ਜਾਵੇਗਾ ਅਤੇ ਇਸ ਲਈ ਖੱਜਲ ਖੁਆਰੀ ਤੋਂ ਬਚਣ ਲਈ ਸਾਫ਼ ਤੇ ਸੁੱਕਾ ਝੋਨਾ ਹੀ ਮੰਡੀ ਵਿਚ ਵੇਚਣ ਲਈ ਲਿਆਂਦਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਵੱਲੋਂ ਖੂਨ-ਪਸੀਨਾ ਇੱਕ ਕਰਕੇ ਆਪਣੀ ਪੁੱਤਾ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁੱਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਗੱਲ ਲਈ ਬਚਨਵੱਧ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਮੌਕੇ ‘ਤੇ ਹਾਜ਼ਰ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆ ਕਿਹਾ ਕਿ ਜੇਕਰ ਮੰਡੀਕਰਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਆਸ਼ੂ ਵੱਲੋਂ ਆੜਤੀ ਸਹਿਜ ਰਾਮ ਐਂਡ ਸਨਜ ਦੀ ਦੁਕਾਨ ‘ਤੇ ਕਿਸਾਨ ਸ੍ਰੀ ਬਹਿਬਲ ਸਿੰਘ ਪੁੱਤਰ ਸ੍ਰੀ ਦਰਸ਼ਨ ਸਿੰਘ ਵਾਸੀ ਚੱਕ ਕਲਾਂ ਦੀ ਝੋਨੇ ਦੀ ਢੇਰੀ ਦਾ ਸਰਕਾਰੀ ਰੇਟ ਲਗਾ ਕੇ ਖਰੀਦ ਦੀ ਸ਼ੁਰੂਆਤ ਕੀਤੀ।
ਜਿਲਾ ਕੰਟਰੋਲਰ ਖ਼ੁਰਾਕ ਸਪਲਾਈਜ ਲੁਧਿਆਣਾ(ਦੱਖਣੀ) ਸ੍ਰੀ ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜਿਲੇ ਵਿੱਚ ਪਿਛਲੇ ਸਾਲ 17.28 ਲੱਖ ਮੀਟ੍ਰਕ ਟਨ ਝੋਨੇ ਦੀ ਆਮਦ ਹੋਈ ਸੀ ਅਤੇ ਇਸ ਸਾਲ ਵੀ ਲਗਭੱਗ ਇੰਨੀ ਹੀ ਆਮਦ ਹੋਣ ਦੀ ਸੰਭਾਵਨਾ ਹੈ। ਜਿਲਾ ਲੁਧਿਆਣਾ ਵਿੱਚ ਕੋਵਿਡ ਮਹਾਮਾਰੀ ਤੋਂ ਬਚਾਅ ਲਈ 107 ਪੱਕੇ ਖਰੀਦ ਕੇਂਦਰ ਅਤੇ 296 ਅਸਥਾਈ ਯਾਰਡ ਬਣਾਏ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ-ਮੰਡਲ ਮੈਜਿਸਟ੍ਰੇਟ ਸ੍ਰੀ ਅਮਰਿੰਦਰ ਸਿੰਘ ਮੱਲੀ, ਡਿਪਟੀ ਡਾਇਰੈਕਟਰ ਖ਼ੁਰਾਕ ਸਪਲਾਈਜ ਸ੍ਰੀ ਮੁਨੀਸ਼ ਨਰੂਲਾ, ਜਿਲਾ ਕੰਟਰੋਲਰ ਖ਼ੁਰਾਕ ਸਪਲਾਈਜ ਲੁਧਿਆਣਾ ਪੂਰਬੀ ਸ੍ਰੀਮਤੀ ਹਰਵੀਨ ਕੌਰ, ਜਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰੀ ਕਰਨ ਗਾਲਿਬ ਸੋਨੀ, ਚੇਅਰਮੈਨ ਇੰਪਰੂਵਮੈਂਟ ਟਰਸੱਟ ਸ੍ਰੀ ਰਮਨ ਬਾਲਾਸੁਬਰਾਮਨੀਅਮ, ਚੇਅਰਮੈਨ ਸ੍ਰੀ ਕਰਨ ਵੜਿੰਗ, ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਮਨਜੀਤ ਸਿੰਘ ਭਰੋਵਾਲ, ਸ੍ਰੀ ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਂਸਲ, ਡੀ.ਐਮ. ਪਨਸਪ ਸ੍ਰੀ ਜਗਨਦੀਪ ਸਿੰਘ ਢਿੱਲੋਂ, ਡੀ.ਐਮ. ਪੀ.ਐਸ.ਡਬਲਿਊ.ਸੀ. ਸ੍ਰੀ ਐਮ.ਪੀ.ਸਿੰਘ ਆਦਿ ਤੋਂ ਇਲਾਵਾ ਆੜਤੀ ਅਤੇ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਕਿਸਾਨ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com