Sunday, April 28

ਹੜ੍ਹ ਰੋਕਥਾਮ ਪ੍ਰਬੰਧਾਂ ਅਤੇ ਕਿਸੇ ਹੰਗਾਮੀ ਸਥਿਤੀ ਨਾਲ ਨਿਪਟਣ ਮੌਕੇ ਕਿਸੇ ਵੀ ਅਧਿਕਾਰੀ ਵੱਲੋਂ ਕੀਤੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ : ਡਵੀਜ਼ਨਲ ਕਮਿਸ਼ਨਰ ਚੰਦਰ ਗੈਦ

  • ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਪਸੀ ਤਾਲਮੇਲ ਕਾਇਮ ਕਰਕੇ ਸਥਿਤੀ ‘ਤੇ 24 ਘੰਟੇ ਰੱਖੀ ਜਾ ਰਹੀਂ ਹੈ ਨਜ਼ਰ : ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ
  • ਡਵੀਜ਼ਨਲ ਕਮਿਸ਼ਨਰ ਵੱਲੋਂ ਲੁਧਿਆਣਾ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਦਾ ਮੀਟਿੰਗ ਕਰਕੇ ਲਿਆ ਜਾਇਜ਼ਾ

ਲੁਧਿਆਣਾ, (ਸੰਜੇ ਮਿੰਕਾ)- ਮੌਨਸੂਨ ਸੀਜ਼ਨ ਦੌਰਾਨ ਹੜ੍ਹ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹਾ ਲੁਧਿਆਣਾ ਦੇ ਉੱਚ ਅਧਿਕਾਰੀਆਂ ਨਾਲ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਹਨਾਂ ਦੇ ਨਾਲ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਅਤੇ ਵਧੀਕ ਪੁਲਿਸ ਕਮਿਸ਼ਨਰ ਸ੍ਰੀ ਜੇ. ਇਲਨਚੇਜੀਅਨ ਵੀ ਸ਼ਾਮਲ ਸਨ।ਸ੍ਰੀ ਚੰਦਰ ਗੈਂਦ ਨੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਰਜੀਤ ਬੈਂਸ ਤੋਂ ਨਗਰ ਨਿਗਮ ਲੁਧਿਆਣਾ, ਸਿੰਚਾਈ ਵਿਭਾਗ, ਡਰੇਨੇਜ਼ ਵਿਭਾਗ ਅਤੇ ਹੋਰ ਵਿਭਾਗਾਂ ਵੱਲੋਂ ਕੀਤੀਆਂ ਤਿਆਰੀਆਂ ਬਾਰੇ ਵੇਰਵਾ ਲਿਆ ਅਤੇ ਲਏ ਗਏ ਵੇਰਵੇ ਤੋਂ ਸਤੁੰਸ਼ਟੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਰੋਕਥਾਮ ਪ੍ਰਬੰਧਾਂ ਅਤੇ ਕਿਸੇ ਹੰਗਾਮੀ ਸਥਿਤੀ ਨਾਲ ਨਿਪਟਣ ਮੌਕੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਦਿਖਾਈ ਗਈ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਸ੍ਰੀ ਚੰਦਰ ਗੈਂਦ ਨੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਕਿਹਾ ਕਿ ਉਹ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਮੇਂ-ਸਮੇਂ ‘ਤੇ ਹਦਾਇਤ ਜਾਰੀ ਕਰਦੇ ਰਹਿਣ ਕਿ ਉਹ ਫਲੱਡ ਇੰਸਪੈਕਸਨ ਦੌਰਾਨਚੈੱਕ ਕੀਤੇ ਜਾਂਦੇ ਸਾਰੇ ਪੁਆਇੰਟਸ ਦਾ ਵਿਸ਼ੇਸ਼ ਤੌਰ ‘ਤੇ ਖਿਆਲ ਰੱਖਣਗੇ ਅਤੇ ਫਲੱਡ ਦੇਖਦੇ ਹੋਏ ਕੋਈ ਵੀ ਤੁਰੰਤ ਐਕਸ਼ਨ ਦੀ ਲੋੜ ਹੋਵੇ, ਉਹ ਲਿਆ ਜਾਵੇ। ਇਸ ਤੋਂ ਇਲਾਵਾ ਸੰਵੇਦਨਸ਼ੀਲ ਪੁਆਇੰਟਸ ਚੈੱਕ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਸਤਲੁੱਜ ਦਰਿਆ ਉੱਪਰ 24 ਘੰਟੇ ਨਜ਼ਰ ਰੱਖੀ ਜਾਵੇਗੀ ਅਤੇ ਸਮੇਂ-ਸਮੇਂ ‘ਤੇ ਸੂਚਨਾ ਦੇਣ ਦੀ ਹਦਾਇਤ ਕੀਤੀ ਗਈ।ਡਵੀਜਨਲ ਕਮਿਸ਼ਨਰ ਨੇ ਕਿਹਾ ਕਿ ਮੌਨਸੂਨ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਕਿਸੇ ਵੀ ਹੰਗਾਮੀ ਹਾਲਾਤ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਵੱਖ-ਵੱਖ ਅਧਿਕਾਰੀਆਂ ਨੂੰ ਪੁੱਛਣ ‘ਤੇ ਪਤਾ ਲੱਗਾ ਕਿ ਸਾਰੇ ਵਿਭਾਗਾਂ ਨੇ ਆਪਣੇ-ਆਪਣੇ ਪੱਧਰ ‘ਤੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਜਿਸ ‘ਤੇ ਸ੍ਰੀ ਚੰਦਰ ਗੈਂਦ ਨੇ ਹਦਾਇਤ ਕੀਤੀ ਕਿ ਅਧਿਕਾਰੀਆਂ ਵਿੱਚ ਆਪਸੀ ਤਾਲਮੇਲ ਹੋਰ ਬੇਹਤਰ ਬਣਾਉਣ ਅਤੇ ਸਮੁੱਚੇ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਇੱਕ ਵਟਸਐਪ ਗਰੁੱਪ ਬਣਾਇਆ ਜਾਵੇ ਤਾਂ ਜੋ ਸਾਰੇ ਅਧਿਕਾਰੀ ਇਸ ਵਿੱਚ ਆਪਣੀ ਸਮੇਂ-ਸਮੇਂ ‘ਤੇ ਰਿਪੋਰਟ ਪਾ ਸਕਣ।ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਂਦ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਸਤਲੁੱਜ ਦਰਿਆ ਉੱਪਰ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੁਣ ਤੱਕ ਸਥਿਤੀ ਬਿਲਕੁੱਲ ਕੰਟਰੋਲ ਵਿੱਚ ਹੈ। ਉਹਨਾਂ ਕਿਹਾ ਕਿ ਹੜ੍ਹ ਰੋਕਥਾਮ ਪ੍ਰਬੰਧਾਂ ਵਿੱਚ ਆਪਸੀ ਤਾਲਮੇਲ ਬਣਾਉਣ ਅਤੇ ਸਮੁੱਚੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਲਈ ਇੱਕ ‘ਵਟਸਐਪ ਗਰੁੱਪ’ ਪਹਿਲਾ ਹੀ ਬਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪੱਧਰ ‘ਤੇ ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਹੋਇਆ ਹੈੈ। ਇਸ ਤੋਂ ਇਲਾਵਾ ਸਬ ਡਵੀਜ਼ਨ ਅਤੇ ਤਹਿਸੀਲ ਪੱਧਰ ‘ਤੇ ਵੀ ਅਜਿਹੇ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਐੱਨ. ਡੀ. ਆਰ. ਐੱਫ. ਅਤੇ ਭਾਰਤੀ ਫੌਜ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਉਹ ਸਿਵਲ ਅਧਿਕਾਰੀਆਂ ਨੂੰ ਨਾਲ ਲੈ ਕੇ ਸੰਵੇਦਨਸ਼ੀਲ ਇਲਾਕਿਆਂ ਦਾ ਪਹਿਲਾਂ ਹੀ ਦੌਰਾ ਕਰ ਲੈਣ ਤਾਂ ਜੋ ਲੋੜ ਪੈਣ ‘ਤੇ ਕਾਰਵਾਈ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਵਿਧਾ ਨਾ ਰਹੇ। ਸ੍ਰੀ ਸ਼ਰਮਾ ਨੇ ਕਿਹਾ ਕਿ ਹਰ ਤਰ੍ਹਾਂ ਦੀ ਸਥਿਤੀ ‘ਤੇ ਕਾਬੂ ਪਾਉਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਗਲੇ ਹੁਕਮਾਂ ਤੱਕ ਬਿਨ੍ਹਾਂ ਉਨ੍ਹਾਂ ਦੀ ਪੂਰਵ ਪ੍ਰਵਾਨਗੀ ਤੋਂ ਹੈਡ ਕੁਆਰਟਰ (ਸਟੇਸ਼ਨ) ਨਹੀਂ ਛੱਡਣਗੇ ਅਤੇ ਇਸ ਦੇ ਨਾਲ ਨਾਲ ਆਪਣਾ ਮੋਬਾਇਲ ਫੋਨ ਵੀ 24 ਘੰਟੇ ਖੁੱਲ੍ਹਾ ਰੱਖਣ ਸਬੰਧੀ ਪਹਿਲਾ ਹੀ ਹਦਾਇਤਾਂ ਜ਼ਾਰੀ ਕੀਤੀਆ ਹੋਈਆ ਹਨ। ਉਹਨਾਂ ਸਾਰੇ ਉਪ ਮੰਡਲ ਮੈਜਿਸਟਰੇਟ/ਤਹਿਸੀਲਦਾਰ/ਡੀ.ਆਰ.ਓ. ਇਸ ਗੱਲ ਨੁੂੰ ਯਕੀਨੀ ਬਣਾਉਣਗੇ ਕਿ ਤਹਿਸੀਲ ਹੈੱਡ ਕੁਆਰਟਰਾਂ ਵਿੱਚ ਸਥਾਪਤ ਫਲੱਡ ਕੰਟਰੋਲ ਰੂਮ ਸਹੀ ਕੰਮ ਕਰਦੇ ਹੋਣ। ਇਸ ਤੋਂ ਇਲਾਵਾ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਕੰਟਰੋਲ ਰੂਮ ਦੇ ਨੰਬਰ ਚਾਲੂ ਹੋਣ ਅਤੇ ਜਿਹਨਾਂ ਕਰਮਚਾਰੀਆਂ ਦੀ ਡਿਊਟੀ ਲੱਗੀ ਹੈ ਉਹ ਸਮੇਂ ਸਿਰ ਹਾਜ਼ਰ ਹੋ ਕੇ ਪੂਰੀ ਡਿਊਟੀ ਦੇਣ। ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ/ਤਹਿਸੀਲਦਾਰ/ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਹਲਕਿਆਂ ਵਿੱਚ ਪੈਂਦੇ ਸਾਰੇ ਪੁਆਇੰਟਸ ਦਾ ਵੀ ਦੌਰਾ ਕਰਨਗੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਦੇਣਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੰਚਾਈ ਵਿਭਾਗ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਖਾਲ੍ਹਾਂ ਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਕਿ ਫਲੱਡ ਦੌਰਾਨ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ। ਕਮਿਸ਼ਨਰ ਨਗਰ ਨਿਗਮ, ਕਾਰਜ ਸਾਧਕ ਅਫ਼ਸਰਾਂ ਅਤੇ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਜਿਥੇ ਭਾਰੀ ਬਾਰਿਸ਼ ਦੀ ਸੂਰਤ ਵਿੱਚ ਉਹ ਨੀਵੇਂ ਇਲਾਕੇ ਜਿੱਥੇ ਪਾਣੀ ਖੜੇਗਾ, ਉਸ ਨੂੰ ਡਰੇਨ ਆਊਟ ਕਰਨਗੇ। ਸ਼ਹਿਰਾਂ ਆਦਿ ਵਿੱਚ ਕਿਤੇ ਵੀ ਸੀਵਰੇਜ ਦਾ ਖੁੱਲ੍ਹਿਆ ਹੋਇਆ ਮੇਨਹੋਲ ਨਾ ਹੋਵੇ।ਕੈਪਸ਼ਨ:ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਜ਼ਿਲ੍ਹਾ ਲੁਧਿਆਣਾ ਦੇ ਉੱਚ ਅਧਿਕਾਰੀਆਂ ਨਾਲ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਕਰਦੇ ਹੋਏ।

About Author

Leave A Reply

WP2Social Auto Publish Powered By : XYZScripts.com