Tuesday, March 19

ਮੁੱਖ ਖੇਤੀਬਾੜੀ ਅਫਸਰ ਵਲੋਂ ਸਿੱਧਵਾਂ ਬੇਟ ਬਲਾਕ ‘ਚ ਝੋਨੇ ਦੀ ਸਿੱਧੀ ਬਿਜਾਈ ਕੀਤੇ ਖੇਤਾਂ ਦਾ ਦੌਰਾ

ਸਿੱਧਵਾਂ ਬੇਟ/ਲੁਧਿਆਣਾ,(ਸੰਜੇ ਮਿੰਕਾ) – ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਲਾਗੂ ਕਰਵਾਉਣ ਹਿੱਤ ਚਲਾਈ ਜਾ ਰਹੀ ਮੁਹਿੰਮ ਤਹਿਤ ਡਾ. ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਅਗਵਾਈ ਹੇਠ ਬਲਾਕ ਸਿੱਧਵਾਂ ਬੇਟ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਵਿਖੇ ਹਲਕਾ ਦਾਖਾ ਵਿਧਾਇਕ  ਸ. ਮਨਪ੍ਰੀਤ ਸਿੰਘ ਇਆਲੀ, ਸ. ਹਰਵੀਰ ਸਿੰਘ ਇਆਲੀ ਅਤੇ ਸ. ਹਰਕਿੰਦਰ ਸਿੰਘ ਇਆਲੀ, ਪਿੰਡ ਪੁੜੈਣ ਵਿਖੇ ਸ. ਕਰਤਿੰਦਰਪਾਲ ਸਿੰਘ ਅਤੇ ਪਿੰਡ ਰਾਊਵਾਲ ਵਿਖੇ ਬਲਰਾਜ ਸਿੰਘ ਦੇ ਖੇਤਾਂ ਵਿੱਚ ਝੋਨੇ ਦੀ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਬਿਜਾਈ ਦੇ ਖੇਤਾਂ ਦਾ ਨਿਰੀਖਣ ਡਾ.ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਵਲੋਂ ਕੀਤਾ ਗਿਆ।
ਇਸ ਮੌਕੇ ਕੈਂਪ ਵਿੱਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਬੈਨੀਪਾਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਜੋ ਕਿ ਇੱਕ ਕਾਮਯਾਬ ਤਕਨੀਕ ਹੈ, ਨਾਲ ਜਿੱਥੇ 15 ਤੋਂ 20 ਫੀਸਦ ਪਾਣੀ ਦੀ ਬੱਚਤ ਹੁੰਦੀ ਹੈ ਓਥੇ 10 ਤੋਂ 12 ਫੀਸਦ ਪਾਣੀ ਵੀ ਰੀਚਾਰਜ ਹੁੰਦਾ ਹੈ। ਇਸ ਤੋਂ ਇਲਾਵਾ ਲੇਬਰ ਦੀ ਬੱਚਤ ਹੁੰਦੀ ਹੈ ਅਤੇ ਫਸਲ ਨੂੰ ਕੀੜੇ-ਮਕੌੜੇ ਵੀ ਘੱਟ ਲੱਗਦੇ ਹਨ।
ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਕਿਸਾਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਪੋਰਟਲ ‘ਤੇ ਆਨਲਾਇਨ ਰਜਿਸਟਰੇਸ਼ਨ ਦੀ ਮਿਆਦ 30 ਜੂਨ 2022 ਕਰ ਦਿੱਤੀ ਗਈ ਹੈ। ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਮੀਨ ਵਿੱਚੋਂ ਘੱਟੋ ਘੱਟ ਇੱਕ ਜਾਂ ਦੋ ਏਕੜ ਝੋਨੇ ਦੀ ਸਿੱਧੀ ਬਿਜਾਈ ਕਰਨ।
ਹਲਕਾ ਦਾਖਾ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਵਲੋਂ ਦੱਸਿਆ ਗਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਅਤੇ ਇਸ ਸਾਲ ਵੀ ਕਰੀਬ 40 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨਗੇ।ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਕੱਦੂ ਕਰਕੇ ਬੀਜੇ ਝੋਨੇ ਦੇ ਬਰਾਬਰ ਜਾਂ ਜਿਆਦਾ ਹੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਅਧੀਨ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੇ ਡੂੰਘੇ ਜਾ ਰਹੇ ਤਲ ਨੂੰ ਠੱਲ ਪਾਈ ਜਾ ਸਕੇ। ਝੋਨੇ ਦੀ ਸਿੱਧੀ ਬਿਜਾਈ ਕੀਤੇ ਖੇਤਾਂ ਦਾ ਨਿਰੀਖਣ ਕਰਦੇ ਸਮੇਂ ਦੇਖਿਆ ਗਿਆ ਕਿ ਫਸਲ ਦੀ ਉੱਗਣ ਸ਼ਕਤੀ ਪੂਰੀ ਹੈ ਅਤੇ ਫਸਲ ਦੀ ਹਾਲਤ ਬਹੁਤ ਵਧੀਆ ਹੈ।
ਇਸ ਮੌਕੇ ਡਾ. ਜਗਦੇਵ ਸਿੰਘ ਐਗਰੋਨੌਮਿਸਟ, ਲੁਧਿਆਣਾ ਵਲੋਂ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਹੋਰ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ, ਇੰਜੀ: ਹਰਮਨਪ੍ਰੀਤ ਸਿੰਘ ਵਲੋਂ ਸਿੱਧੀ ਬਿਜਾਈ ਦੀ ਲੱਕੀ ਸੀਡ ਡਰਿੱਲ ਅਤੇ ਬਿਜਾਈ ਦੀਆਂ ਦੂਸਰੀਆਂ ਮਸ਼ੀਨਾਂ ਦੀ ਸਿੱਧੀ ਬਿਜਾਈ ਲਈ ਵਰਤੋਂ ਬਾਰੇ ਜਾਣੂੰ ਕਰਵਾਇਆ ਗਿਆ ਜਦਕਿ ਡਾ. ਗੁਰਮੁੱਖ ਸਿੰਘ, ਬਲਾਕ ਖੇਤੀਬਾੜੀ ਅਫਸਰ, ਸਿੱਧਵਾ ਬੇਟ ਵਲੋਂ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਫੀਲਡ ਵਿਜ਼ਿਟ ਦਾ ਆਯੋਜਨ ਸਰਕਲ ਭੂੰਦੜੀ ਦੇ ਖੇਤੀਬਾੜੀ ਵਿਸਥਾਰ ਅਫਸਰ, ਡਾ.ਸ਼ੇਰਅਜੀਤ ਸਿੰਘ ਮੰਡ ਵਲੋਂ ਕੀਤਾ ਗਿਆ।
ਇਸ ਕੈਂਪ ਮੌਕੇ ਸ਼ਾਮਲ ਕਿਸਾਨਾਂ ਵਿੱਚ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆ ਕਾਦਰ ਬਖਸ, ਬਲਰਾਜ ਸਿੰਘ ਰਾਊਵਾਲ, ਬਲਵਿੰਦਰ ਸਿੰਘ ਅਤੇ ਸਾਧੂ ਸਿੰਘ ਗੋਰਸੀਆ ਮੱਖਣ, ਗੁਰਮੀਤ ਸਿੰਘ ਧਾਲੀਵਾਲ ਵਲੀਪੁਰ, ਹਰਜਿੰਦਰ ਸਿੰਘ ਲੰਬੜਦਾਰ ਅਤੇ ਉਜਾਗਰ ਸਿੰਘ ਭੂੰਦੜੀ ਅਤੇ ਬਲਾਕ ਸਿੱਧਵਾ ਬੇਟ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com