- ਜਵਾਲਾ ਸਿੰਘ ਚੋਂਕ ‘ਚ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਕੀਤਾ ਉਦਘਾਟਨ
ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ‘ਚ ਵਿਕਾਸ ਕਾਰਜ਼ਾਂ ਦੀ ਹਨੇਰੀ ਚੱਲ ਰਹੀ ਹੈ ਜਿਸਦੇ ਤਹਿਤ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਸਥਾਨਕ ਜਵਾਲਾ ਸਿੰਘ ਚੌਂਕ, ਹੈਬੋਵਾਲ ਵਿਖੇ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ ਜਿਸ ‘ਤੇ ਕਰੀਬ 85 ਲੱਖ ਰੁਪਏ ਦੀ ਲਾਗਤ ਆਵੇਗੀ। ਵਿਧਾਇਕ ਬੱਗਾ ਵੱਲੋਂ ਹਲਕੇ ਵਿੱਚ ਲਗਾਤਾਰ ਕਿਸੇ ਨਾ ਕਿਸੇ ਵਿਕਾਸ ਕਾਰਜ ਨੂੰ ਹਰੀ ਝੰਡੀ ਦੇ ਕੇ ਚਾਲੂ ਕਰਵਾਇਆ ਜਾ ਰਿਹਾ ਹੈ। ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 92, 93 ਅਤੇ 94 ਦੇ ਸਾਂਝੇ ਚੌਕ ਜਵਾਲਾ ਸਿੰਘ ਤੋਂ ਸੰਗਮ ਪੈਲਸ ਵਾਲੀ ਰੋਡ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਕਾਸਵਾਦੀ ਸੋਚ ਦੇ ਮੱਦੇਨਜ਼ਰ ਹਲਕਾ ਉੱਤਰੀ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ ਜਿਨ੍ਹਾਂ ਦੀ ਬਦੌਲਤ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਸੱਭ ਤੋਂ ਪਿਛਾੜ ਕੇ ਰੱਖਿਆ ਇਹ ਹਲਕਾ ਮਾਡਰਨ ਹਲਕੇ ਵਜੋਂ ਮੋਹਰੀ ਬਣੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਹਲਕੇ ਦੇ ਵੋਟਰਾਂ ਤੋਂ ਵੋਟਾਂ ਬਟੋਰਨ ਵਾਲੇ ਲੋਕ ਬੇਪਰਦਾ ਹੋ ਚੁੱਕੇ ਹਨ ਅਤੇ ਹੁਣ ਉਹ ਭੁੱਲ ਜਾਣ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਦੁਬਾਰਾ ਮੂੰਹ ਲਗਾਉਣਗੇ। ਵਿਧਾਇਕ ਬੱਗਾ ਨੇ ਨਗਰ ਨਿਗਮ ਚੋਣਾਂ ਵਿੱਚ ਇਸ ਹਲਕੇ ਵਿਚੋਂ ਵਿਰੋਧੀਆਂ ਦਾ ਮੁੰਕਮਲ ਸਫਾਇਆ ਕਰਨ ਦਾ ਦਾਅਵਾ ਕਰਦਿਆ ਕਿਹਾ ਕਿ ਅਸੀਂ ਸਾਰੀਆਂ ਸੀਟਾਂ ਇਕਪਾਸੜ ਲੀਡ ਨਾਲ ਜਿੱਤਾਂਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਰੋਧੀ ਪਾਰਟੀਆਂ ਨੂੰ ਵੱਡੇ ਝਟਕੇ ਦੇਣ ਦੀ ਤਿਆਰੀ ਹੋ ਚੁੱਕੀ ਹੈ ਤੇ ਸਾਡੇ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਤੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਨੂੰ ਛੱਡ ਬਹੁਤ ਸਾਰੇ ਸੀਨੀਅਰ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।