Friday, April 18

ਲੁਧਿਆਣਾ ‘ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ – ਡਿਪਟੀ ਕਮਿਸ਼ਨਰ ਸੁਰਭੀ ਮਲਿਕ

  • ਸਮਾਗਮ ਨੂੰ ਸਫਲ ਬਣਾਉਣ ਵਸਨੀਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਵੀ ਕੀਤੀ ਅਪੀਲ

ਲੁਧਿਆਣਾ, (ਸੰਜੇ ਮਿੰਕਾ) – 21 ਜੂਨ, 2022 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ ਜਿਸ ਵਿੱਚ ਉੱਘੇ ਟ੍ਰੇਨਰਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਯੋਗਾ ਅਭਿਆਸ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਦੇ ਸਹਿਯੋਗ ਨਾਲ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੈਗਾ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਨਾਗਰਿਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇਸ ਨੂੰ ਸਫਲ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਯੋਗਾ ਕਰਨ ਨਾਲ ਵਿਅਕਤੀ ਸਰੀਰਕ ਅਤੇ ਦਿਮਾਗੀ ਤੌਰ ‘ਤੇ ਤੰਦਰੁਸਤ ਰਹਿੰਦਾ ਹੈ, ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਰੋਜ਼ਾਨਾ ਯੋਗਾ ਅਭਿਆਸ ਕਰਨ ਵਾਲੇ ਵਿਅਕਤੀਆਂ ਤਣਾਅ ਮੁਕਤ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਸਦਕਾ ਸਮਾਗਮਾਂ ਦੀ ਲੜੀ ਉਲੀਕੀ ਗਈ ਹੈ ਜਿਸਦੇ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅਤੇ ਜ਼ਿਲ੍ਹਾ ਇੰਚਾਰਜ ਬ੍ਰਹਮਾ ਕੁਮਾਰੀ ਸੰਸਥਾ ਬੀ.ਕੇ. ਭੈਣ ਸਰਸਵਤੀ ਦੀ ਅਗਵਾਈ ਵਿੱਚ ਸਥਾਨਕ ਗੁਰੂ ਨਾਨਕ ਸਟੇਡੀਅਮ ਗੇਟ ਨੰਬਰ 4, ਲੁਧਿਆਣਾ ਵਿਖੇ ਸਵੇਰੇ 06:00 ਵਜੇ ਤੋਂ ਸਵੇਰੇ 08:00 ਵਜੇ ਤੱਕ ਯੋਗਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸਮਾਜ ਵਿੱਚੋਂ ਨਸ਼ਾਖੋਰੀ ਨੂੰ ਜੜ੍ਹੋਂ ਪੁੱਟਣ ਦੇ ਮਕਸਦ ਨਾਲ ਨਸ਼ਾ ਵਿਰੋਧੀ ਮੁਹਿੰਮ ਵੀ ਚਲਾਈ ਜਾਵੇਗੀ ਜਿਸ ਨੂੰ ਜ਼ਿਲ੍ਹੇ ਦੇ 300 ਪਿੰਡਾਂ ਤੱਕ ਅੱਗੇ ਵਧਾਇਆ ਜਾਵੇਗਾ। ਇਸੇ ਤਰ੍ਹਾਂ ਹਰ ਹਫ਼ਤੇ ਚਾਰ ਰੋਜ਼ਾ ਪ੍ਰੋਗਰਾਮ ਵੀ ਜ਼ਿਲ੍ਹੇ ਭਰ ਵਿੱਚ ਖਾਸ ਕਰਕੇ ਮੁੜ ਵਸੇਬਾ ਕੇਂਦਰਾਂ ਵਿੱਚ ਆਯੋਜਿਤ ਕੀਤੇ ਜਾਣਗੇ। ਇਸ ਸਮਾਗਮ ਵਿੱਚ ਲਗਭਗ ਚਾਰ ਹਜ਼ਾਰ ਲੋਕ ਭਾਗ ਲੈਣਗੇ ਅਤੇ ਪ੍ਰਸਿੱਧ ਮਨੋ-ਚਿਕਿਤਸਕ, ਅੰਤਰਰਾਸ਼ਟਰੀ ਟ੍ਰੇਨਰ ਅਤੇ ਪ੍ਰਸਿੱਧ ਲੇਖਕ ਡਾ. ਗਿਰੀਸ਼ ਡੀ. ਪਟੇਲ ਸਮਾਗਮਾਂ ਨੂੰ ਸੰਬੋਧਨ ਕਰਨਗੇ। ਇਸੇ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਸਥਾਨਕ ਨਹਿਰੂ ਰੋਜ਼ ਗਾਰਡਨ, ਨੇੜੇ ਲਾਇਬ੍ਰੇਰੀ ਵਿਖੇ ਸਾਂਝੇ ਤੌਰ ‘ਤੇ ਕੀਤਾ ਜਾਵੇਗਾ ਜਿਸ ਵਿੱਚ ਪਤੰਜਲੀ ਯੋਗ ਸਮਿਤੀ, ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ, ਐਵਰੈਸਟ ਇੰਸਟੀਚਿਊਟ ਆਫ ਯੋਗਾ, ਪੰਜਾਬ ਯੋਗਾਸਨਾ ਸਪੋਰਟਸ ਐਸੋਸੀਏਸ਼ਨ, ਪੀ.ਕਿਊ.ਐਮ.ਐਸ. ਯੋਗਾ ਸਰਟੀਫਿਕੇਸ਼ਨ ਬਾਡੀ, ਅਮੋਲ ਲੇਡੀਜ਼ ਕਲੱਬ, ਨਹਿਰੂ ਯੁਵਾ ਕੇਂਦਰ, ਯੋਗਾ ਸੁਸਾਇਟੀ ਪੰਜਾਬ, ਐਸ.ਬੀ.ਐਸ. ਸਿਨੇਟਿਕ ਕਾਲਜ, ਸ਼ਕਤੀ ਨਗਰ ਯੋਗ ਸਮਿਤੀ ਅਤੇ ਹੋਰ ਸੰਸਥਾਵਾਂ ਸ਼ਾਮਲ ਹੋਣਗੀਆਂ। ਇਨ੍ਹਾਂ ਸੰਸਥਾਵਾਂ ਦੇ ਇੱਕ ਹਜ਼ਾਰ ਤੋਂ ਵੱਧ ਵਿਅਕਤੀ ਸਵੇਰੇ 06:00 ਵਜੇ ਇਕੱਠੇ ਯੋਗਾ ਕਰਨਗੇ। ਇਸ ਸਮਾਗਮ ਮੌਕੇ ਹਲਕਾ ਲੁਧਿਆਣਾ ਉੱਤਰੀ ਤੋ ਵਿਧਾਇਕ ਸ੍ਰੀ ਚੌਧਰੀ ਮਦਨ ਲਾਲ ਬੱਗਾ, ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਸਮੇਤ ਹੋਰ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com