Friday, March 21

ਮਿਆਰੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਘਰੇਲੂ ਪਾਲਤੂ ਜਾਨਵਰਾਂ ਨੂੰ ਗੋਦ ਲਿਆ ਜਾ ਸਕਦਾ ਹੈ – ਡਿਪਟੀ ਕਮਿਸ਼ਨਰ ਸੁਰਭੀ ਮਲਿਕ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਆਰੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਘਰੇਲੂ ਪਾਲਤੂ ਜਾਨਵਰਾਂ ਨੂੰ ਗੋਦ ਲਿਆ ਜਾ ਸਕਦਾ ਹੈ। ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ (ਏ.ਡਬਲਯੂ.ਬੀ.ਆਈ.) ਜਾਨਵਰਾਂ ‘ਤੇ ਬੇਰਹਿਮੀ ਦੀ ਰੋਕਥਾਮ ਐਕਟ, 1960 ਦੇ ਤਹਿਤ ਸਥਾਪਿਤ ਇੱਕ ਵਿਧਾਨਕ ਸੰਸਥਾ ਹੈ ਜਿਨ੍ਹਾਂ ਵੱਲੋ ਜਾਨਵਰਾਂ ਦੇ ਅਧਿਕਾਰਾਂ ਦੀ ਸੁਰੱਖਿਆ ‘ਤੇ ਪਹਿਰਾ ਦਿੱਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਭਾਰਤ ਦੇ ਦੇਸੀ ਕੁੱਤਿਆਂ ਦੀਆਂ ਨਸਲਾਂ ਕੁਦਰਤੀ ਤੌਰ ‘ਤੇ ਸਿਹਤਮੰਦ ਹਨ ਅਤੇ ਸਥਾਨਕ ਮੌਸਮ ਦੇ ਅਨੁਕੂਲ ਹਨ। ਉਨ੍ਹਾਂ ਦੱਸਿਆ ਕਿ ਸਾਡੀਆਂ ਗਲੀਆਂ ਵਿੱਚ ਅਤੇ ਦੇਸ਼ ਭਰ ਵਿੱਚ ਆਸਰਾ ਘਰਾਂ ਵਿੱਚ ਬਹੁਤ ਸਾਰੇ ਦੇਸੀ ਨਸਲ ਦੇ ਕੁੱਤੇ ਹਨ ਜੋ ਆਪਣੇ ਬੇਮਿਸਾਲ ਗੁਣਾਂ ਲਈ ਸ਼ਾਨਦਾਰ ਪਾਲਤੂ ਜਾਨਵਰ ਵਜੋਂ ਗੋਦ ਲਏ ਜਾ ਸਕਦੇ ਹਨ। ਘਰੇਲੂ ਪਾਲਤੂ ਜਾਨਵਰਾਂ ਨੂੰ ਗੋਦ ਲੈਣ ਲਈ ਮਿਆਰੀ ਪ੍ਰੋਟੋਕੋਲ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਲਿਕ ਨੇ ਦੱਸਿਆ ਕਿ ਕਾਗਜੀ ਕਾਰਵਾਈ ਦੇ ਨਾਲ-ਨਾਲ ਮੈਡੀਕਲ ਜਾਂਚ ਅਤੇ ਟੀਕਾਕਰਨ, ਨਗਰ ਕੌਂਸਲ/ਨਗਰ ਨਿਗਮ/ਨਗਰ ਪੰਚਾਇਤਾਂ ਜਾਂ ਕਿਸੇ ਕਾਰਜਕਾਰੀ ਕਾਨੂੰਨੀ ਅਥਾਰਟੀ/ਜ਼ਿਲ੍ਹਾ ਐਸ.ਪੀ.ਸੀ.ਏ. ਰਾਹੀਂ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੁੱਤੇ ਨੂੰ ਗੋਦ ਲੈਣ ਲਈ ਲਾਜ਼ਮੀ ਹਦਾਇਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਾਲਤੂ ਜਾਨਵਰ ਨੂੰ ਗੋਦ ਲੈਣ ਦੇ ਚਾਹਵਾਨ ਵਿਅਕਤੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ, ਵਿਅਕਤੀ ਚੰਗੀ ਸੋਚ ਰੱਖਦਾ ਹੋਵੇ, ਵਿਅਕਤੀ ਨੂੰ ਲੋੜੀਂਦੀ ਦੇਖਭਾਲ ਅਤੇ ਰੱਖ-ਰਖਾਅ ਪ੍ਰਦਾਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਜਿਸ ਵਿੱਚ ਢੁਕਵਾਂ ਪੋਸ਼ਣ, ਪਸ਼ੂ ਚਿਕਿਤਸਾ ਦੇਖਭਾਲ ਅਤੇ ਰਿਹਾਇਸ਼ ਸ਼ਾਮਲ ਹਨ। 

About Author

Leave A Reply

WP2Social Auto Publish Powered By : XYZScripts.com