Saturday, September 12

ਵਾਹਨਾਂ ਦੀ ਆਵਾਜਾਈ ਲਈ ਜਵੱਦੀ ਪੁਲ ਨੇੜੇ ਰੋਡ ਕੱਟ ਖੁਲਵਾਇਆ

  • ਇਲਾਕਾ ਵਾਸੀਆਂ ਨੂੰ ਯੂ-ਟਰਨ ਲੈਣ ਤੈਅ ਕਰਨਾ ਪੈਂਦਾ ਸੀ ਲੰਬਾ ਪੈਂਡਾ, ਚਿਰੌਕਣੀ ਮੰਗ ਨੂੰ ਕੀਤਾ ਪੂਰਾ – ਵਿਧਾਇਕ ਗੁਰਪ੍ਰੀਤ ਬੱਸੀ ਗੋਗੀ

ਲੁਧਿਆਣਾ, (ਸੰਜੇ ਮਿੰਕਾ)- ਲੁਧਿਆਣਾ ਪੱਛਮੀ ਦੇ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਜ਼ਿਲ੍ਹਾ ਵਾਸੀਆਂ ਦੀ ਸੁਵਿਧਾ ਲਈ ਅੱਜ ਸਥਾਨਕ ਸਿੱਧਵਾਂ ਨਹਿਰ (ਨੇੜੇ ਜਵੱਦੀ ਪੁਲ) ਦੇ ਨਾਲ-ਨਾਲ ਦੱਖਣੀ ਬਾਈਪਾਸ ‘ਤੇ ਰੋਡ ਕੱਟ ਨੂੰ ਖੁਲਵਾਇਆ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਵਿਧਾਇਕ ਦਾ ਧੰਨਵਾਦ ਕੀਤਾ। ਵਿਧਾਇਕ ਸ੍ਰੀ ਗੋਗੀ ਨੇ ਦੱਸਿਆ ਕਿ ਜਵੱਦੀ, ਕੈਨਾਲ ਐਵੀਨਿਊ ਆਦਿ ਇਲਾਕਿਆਂ ਵਿੱਚ ਵਸਦੇ ਵੱਡੀ ਗਿਣਤੀ ਵਾਸੀਆਂ ਨੂੰ ਯੂ-ਟਰਨ ਲੈਣ ਲਈ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ ਅਤੇ ਇਸ ਸੜਕ ਦੇ ਕੱਟ ਨੂੰ ਖੋਲ੍ਹਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੱਖਣੀ ਬਾਈਪਾਸ ‘ਤੇ ਜਾਣ ਵਾਲੇ ਅਤੇ ਫਿਰੋਜ਼ਪੁਰ ਰੋਡ ਵਾਲੇ ਪਾਸੇ ਤੋਂ ਆਉਣ ਵਾਲੇ ਵਿਅਕਤੀ ਨੂੰ ਜਵੱਦੀ ਅਤੇ ਹੋਰ ਆਸ-ਪਾਸ ਇਲਾਕਿਆਂ ਵੱਲ ਯੂ-ਟਰਨ ਲੈਣ ਲਈ ਦੁੱਗਰੀ ਤੱਕ ਦਾ ਪੈਂਡਾ ਤੈਅ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੜਕ ਦੇ ਕੱਟ ਨੂੰ ਖੋਲ੍ਹਿਆ ਗਿਆ ਹੈ। ਉਨ੍ਹਾਂ ਰਾਹਗੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਕਿਸੇ ਵੀ ਸੜਕ ‘ਤੇ ਓਵਰ ਸਪੀਡ ਵਾਹਨ ਨਾ ਚਲਾਉਣ ਕਿਉਂਕਿ ਇਸ ਨਾਲ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਕੱਟ ਦੇ ਖੁੱਲ੍ਹਣ ਨਾਲ ਹਾਦਸੇ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕ ਦੇ ਦੋਵੇਂ ਪਾਸੇ ਸਪੀਡ ਬ੍ਰੇਕਰ ਬਣਾਉਣ ਲਈ ਕਿਹਾ ਗਿਆ ਹੈ, ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਨੂੰ ਵੀ ਇਸ ਕੱਟ ‘ਤੇ ਟ੍ਰੈਫਿਕ ਲਾਈਟਾਂ ਲਗਾ ਕੇ ਪੱਕੇ ਤੌਰ ‘ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਨਗਰ ਨਿਗਮ ਦੇ ਅਧਿਕਾਰੀਆਂ, ਟ੍ਰੈਫਿਕ ਪੁਲਸ ਕਰਮਚਾਰੀਆਂ ਅਤੇ ਟ੍ਰੈਫਿਕ ਮਾਹਿਰਾਂ ਨਾਲ ਮਿਲ ਕੇ ਮੌਜੂਦਾ ਟ੍ਰੈਫਿਕ ਪ੍ਰਬੰਧਨ ਯੋਜਨਾ ਦਾ ਅਧਿਐਨ ਕਰਨਗੇ ਅਤੇ ਨਿਵਾਸੀਆਂ ਦੀ ਭਲਾਈ ਲਈ ਇਸ ਵਿੱਚ ਸੋਧ ਕਰਨਗੇ।

About Author

Leave A Reply

WP2Social Auto Publish Powered By : XYZScripts.com