Saturday, May 9

ਅਸ਼ਟਾਮ ਫਰੋਸ਼ ਦੀਆਂ 160 ਖਾਲੀ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ ਮੈਰਿਟ ਅਨੁਸਾਰ ਇੰਟਰਵਿਊ ਦਾ ਸੱਦਾ

  • ਇੰਟਰਵਿਊ ਦੀ ਮਿਤੀ, ਸਥਾਨ ਤੇ ਸਮੇਂ ਬਾਰੇ ਉਮੀਦਵਾਰਾਂ ਨੂੰ ਈ-ਮੇਲ ਤੇ ਮੋਬਾਇਲ ਮੈਸਿਜ (ਐਸ.ਐਮ.ਐਸ.) ਰਾਂਹੀ ਵੱਖਰੇ ਤੌਰ ‘ਤੇ ਕੀਤਾ ਜਾਵੇਗਾ ਸੂਚਿਤ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸ਼ਟਾਮ ਫਰੋਸ਼ ਦੀਆਂ ਕੁੱਲ 160 ਖਾਲੀ ਅਸਾਮੀਆਂ ਭਰੀਆਂ ਜਾਣੀਆਂ ਹਨ, ਜਿੰਨਾਂ ਵਿਚ ਕੈਟਾਗਿਰੀ ਵਾਈਜ ਜਨਰਲ 149 ਦੇ ਤਿੰਨ ਗੁਣਾ ਪ੍ਰਾਰਥੀ 447, ਦੰਗਾ ਪੀੜਤ ਦੇ 8 ਦੇ ਤਿੰਨ ਗੁਣਾ 24 ਪ੍ਰਾਰਥੀ (ਪ੍ਰੰਤੂ ਇਸ ਕੈਟਾਗਿਰੀ ਵਿਚ ਕੁੱਲ 19 ਪ੍ਰੀਖਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ ਹੈ) ਅਤੇ ਅੱਤਵਾਦ ਪੀੜਤ ਦੇ 3 ਦੇ ਤਿੰਨ ਗੁਣਾ ਕੁੱਲ 9 (ਪ੍ਰੰਤੂ ਇਸ ਕੈਟਾਗਿਰੀ ਵਿਚ ਕੁੱਲ 5 ਪ੍ਰੀਖਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ ਹੈ), ਜਿੰਨਾ ਦੀ ਕੁੱਲ ਗਿਣਤੀ 471 ਬਣਦੀ ਹੈ, ਨੂੰ ਲਿਖਤੀ ਪ੍ਰੀਖਿਆ ਦੀ ਮੈਰਿਟ ਅਨੁਸਾਰ ਇੰਟਰਵਿਊ ਲਈ ਸੱਦਾ ਦਿੱਤਾ ਜਾਂਦਾ ਹੈ। ਇੰਟਰਵਿਊ ਲਈ ਬੁਲਾਏ ਜਾ ਰਹੇ 471 ਉਮੀਦਵਾਰਾਂ ਦੀ ਰੋਲ ਨੰਬਰ-ਵਾਈਜ ਸੂਚੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਵੈਬਸਾਈਟ www.pau.edu ‘ਤੇ ਅਪਲੋਡ ਕੀਤੀ ਜਾਂਦੀ ਹੈ। ਇੰਟਰਵਿਊ ਦਾ ਸਥਾਨ, ਮਿਤੀ ਅਤੇ ਸਮੇਂ ਬਾਰੇ ਉਮੀਦਵਾਰਾਂ ਨੂੰ ਈ-ਮੇਲ ਅਤੇ ਮੋਬਾਇਲ ਮੈਸਿਜ (sms) ਰਾਂਹੀ ਵੱਖਰੇ ਤੌਰ ‘ਤੇ ਸੂਚਿਤ ਕੀਤਾ ਜਾਵੇਗਾ। ਇੰਟਰਵਿਊ ਲਈ ਬੁਲਾਏ ਜਾ ਰਹੇ ਇੰਨਾਂ 471 ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇੰਟਰਵਿਊ ਦੇ ਸਮੇ ਆਪਣੀਆਂ 2 ਪਾਸਪੋਰਟ ਸਾਈਜ ਫੋਟੋਆਂ, ਦੱਸਵੀ ਦੇ ਸਰਟੀਫਿਕੇਟ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਦੀ ਅਸਲ ਅਤੇ ਫੋਟੋ ਕਾਪੀ ਆਪਣੇ ਨਾਲ ਨਿਸ਼ਚਿਤ ਤੌਰ ਤੇ ਲੈਕੇ ਆਉਣ ਦੇ ਪਾਬੰਧ ਹੋਣਗੇ। ਇੰਟਰਵਿਊ ਸਮੇ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਇੰਟਰਵਿਊ ਲੈਣ ਉਪਰੰਤ ਲਿਖਤੀ ਟੈਸਟ, ਵਿਦਿਅਕ ਯੋਗਤਾ ਅਤੇ ਇੰਟਰਵਿਊ ਵਿਚ ਪ੍ਰਾਪਤ ਅੰਕਾਂ ਦਾ ਜੋੜ ਕਰਨ ਉਪਰੰਤ ਹੀ ਮੈਰਿਟ ਅਨੁਸਾਰ ਫਾਈਨਲ ਨਤੀਜ਼ਾ ਘੋਸ਼ਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅਸ਼ਟਾਮ ਫਰੋਸ਼ ਦੀਆਂ 160 ਖਾਲੀ ਅਸਾਮੀਆਂ (ਜਨਰਲ 149, 8 ਦੰਗਾ ਪੀੜਤ ਤੇ 3 ਅੱਤਵਾਦ ਪੀੜਤ) ਦੀ ਭਰਤੀ ਲਈ ਇਸ ਦਫਤਰ ਵੱਲੋ ਤਿੰਨ ਅਖਬਾਰਾਂ (ਅੰਗਰੇਜੀ ਟ੍ਰਿਬਿਊਨ, ਦੈਨਿਕ ਜਾਗਰਣ ਅਤੇ ਜਗਬਾਣੀ) ਵਿਚ ਮਿਤੀ: 18 ਸਤੰਬਰ, 2021 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਸਬੰਧੀ ਵਿਸਥਾਰਪੂਰਵਕ ਇਸਤਿਹਾਰ ਅਤੇ ਸਬੰਧਤ ਹਦਾਇਤਾਂ ਜਿਲਾ ਪ੍ਰਸ਼ਾਸਨ, ਲੁਧਿਆਣਾ ਦੀ ਵੈਬਸਾਈਟ https://ludhiana.nic.in ‘ਤੇ  ਅਪਲੋਡ ਕੀਤੀਆਂ ਗਈਆਂ ਸਨ।
ਇਸ ਦਫਤਰ ਵੱਲੋ ਇਸ ਪ੍ਰੀਖਿਆ ਦਾ ਆਯੋਜਨ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੂੰ ਜਿੰਮੇਵਾਰੀ ਸੌਪੀ ਗਈ। ਉਕਤ ਇਸ਼ਤਿਹਾਰ ਰਾਂਹੀ ਚਾਹਵਾਨ ਉਮੀਦਵਾਰਾਂ ਵੱਲੋ ਆਨਲਾਈਨ ਵੈਬਸਾਈਟ www.pau.edu ‘ਤੇ ਅਰਜੀਆਂ ਦੀ ਮੰਗ ਮਿਤੀ: 04.10.2021 ਤੱਕ ਕੀਤੀ ਗਈ ਸੀ। ਇਸ ਸਬੰਧੀ ਕੁੱਲ 1242 ਅਰਜੀਆਂ ਪ੍ਰਾਪਤ ਹੋਈਆਂ ਅਤੇ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਪ੍ਰੀਖਿਆ ਕੇਦਰਾਂ ਵਿਚ ਮਿਤੀ: 31.10.2021 ਨੂੰ ਲਿਖਤੀ ਪ੍ਰੀਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋ ਲਈ ਗਈ ਸੀ, ਜਿਸ ਵਿਚ ਕੁੱਲ 973 ਪ੍ਰਾਰਥੀ ਪ੍ਰੀਖਿਆ ਦੇਣ ਲਈ ਹਾਜ਼ਰ ਹੋਏ।

About Author

Leave A Reply

WP2Social Auto Publish Powered By : XYZScripts.com