
- ਖੰਨਾ ਹਲਕੇ ਦੇ ਵਿਕਾਸ ਕਾਰਜ਼ਾਂ ‘ਚ ਲਿਆਂਦੀ ਜਾਵੇਗੀ ਤੇਜ਼ੀ – ਕੋਟਲੀ
- ਮੁੱਖ ਏਜੰਡਾ ਪੰਜਾਬ ਦੀ ਖੁਸ਼ਹਾਲੀ ਤੇ ਵਿਕਾਸ ਕਰਨਾ ਹੈ
ਖੰਨਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੇ ਉਦਯੋਗ ਤੇ ਕਾਮਰਸ, ਸੂਚਨਾ ਤਕਨਾਲੌਜੀ, ਸਾਇੰਸ ਤਕਨਾਲੌਜੀ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਦਾ ਬੀਜਾ ਜ਼ੋਨ ਦੀਆਂ ਪੰਚਾਇਤਾਂ ਵੱਲੋਂ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਸਨਮਾਨ ਸਮਾਰੋਹ ਰੱਖ ਸਨਮਾਨਿਤ ਕੀਤਾ ਗਿਆ। ਉੱਥੇ ਕੈਬਨਿਟ ਮੰਤਰੀ ਕੋਟਲੀ ਵੱਲੋਂ ਇਨ੍ਹਾਂ ਪੰਚਾਇਤਾਂ ਦਾ ਧੰਨਵਾਦ ਵੀ ਕੀਤਾ ਗਿਆ। ਕੈਬਨਿਟ ਮੰਤਰੀ ਕੋਟਲੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਜਿੱਥੇ ਉਨ੍ਹਾਂ ਦੀ ਪਹਿਲਾਂ ਖੰਨਾ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਸੀ ਓਥੇ ਹੁਣ ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚ ਕੈਬਨਿਟ ਮੰਤਰੀ ਬਣਾ ਕੇ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਲਈ ਨਵੀਂ ਜੁੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸ. ਕੋਟਲੀ ਨੇ ਕਿਹਾ ਕਿ ਉਹ ਆਪਣੇ ਖੰਨਾ ਹਲਕੇ ਦਾ ਰਹਿੰਦਾ ਵਿਕਾਸ ਕਰਨ ਵਿੱਚ ਤੇਜ਼ੀ ਲਿਆਉਣਗੇ ਤਾਂ ਜੋ ਵਿਧਾਨ ਸਭਾ ਹਲਕਾ ਤਰੱਕੀਆਂ ਦੀਆਂ ਨਵੀਂਆਂ ਬੁਲੰਦੀਆਂ ਨੂੰ ਛੂਹ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨਾ ਅਤੇ ਲੋਕਾਂ ਦੇ ਹੱਕ ਉਨ੍ਹਾਂ ਨੂੰ ਦੁਆਏ ਜਾਣ ਅਤੇ ਅਫ਼ਸਰਸ਼ਾਹੀ ਨੂੰ ਲੋਕਾਂ ਨੂੰ ਕੰਮ ਕਰਨ ਲਈ ਜਵਾਬਦੇਹ ਬਣਾਇਆ ਜਾਵੇ ਤਾਂ ਜੋ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲੋਕਾਂ ਤੱਕ ਪਹੁੰਚ ਸਕਣ ਜਿਸ ਨਾਲ ਲੋਕ ਮਹਿਸੂਸ ਕਰਨ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸੱਭ ਤੋਂ ਮੁੱਖ ਏਜੰਡਾ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਦੀ ਅਗੁਵਾਈ ਵਾਲੀ ਸਰਕਾਰ ਦਾ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਕਰਨਾ ਹੈ ਤਾਂ ਜੋ ਅਸੀਂ ਪੰਜਾਬ ਨੂੰ ਅੱਗੇ ਲਿਜਾ ਸਕੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਯਾਦਵਿੰਦਰ ਸਿੰਘ ਜੰਡਾਲੀ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਸ੍ਰੀ ਗੁਰਦੀਪ ਸਿੰਘ ਰਸੁਲੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਹਰਬੰਸ ਕੌਰ, ਹਰਿੰਦਰ ਸਿੰਘ ਇਕੋਲਾਹਾ, ਬਲਕਾ ਸੰਮਤੀ ਮੈਂਬਰ ਰਛਪਾਲ ਕੌਰ, ਓ.ਐਸ.ਡੀ. ਡਾ.ਗੁਰਮੁੱਖ ਸਿੰਘ ਚਾਹਲ, ਸਾਬਕਾ ਪ੍ਰਧਾਨ ਸ੍ਰੀ ਬੇਅੰਤ ਸਿੰਘ ਜੱਸੀ, ਮੰਤਰੀ ਦੇ ਪੀ.ਏ. ਸ੍ਰੀ ਹਰਿੰਦਰ ਸਿੰਘ ਕਨੇਚ, ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਵੀ ਹਾਜ਼ਰ ਸਨ।