Sunday, March 16

4 ਹਾਰਸ ਰੈਜੀਮੈਂਟ ਵੱਲੋਂ ਅੱਜ ਫਿਲੌਰਾ ਦੀ ਲੜਾਈ ਦੇ ਹੀਰੋਜ ਨੂੰ ਕੀਤਾ ਯਾਦ

  • 1965 ਦੀ ਜੰਗ ਦੇ ਹੀਰੋ ਮੇਜ਼ਰ ਭੁਪਿੰਦਰ ਸਿੰਘ ਦੀ ਯਾਦਗਾਰ ‘ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ

ਲੁਧਿਆਣਾ, (ਸੰਜੇ ਮਿੰਕਾ) – 4 ਹਾਰਸ ਰੈਜੀਮੈਂਟ ਵੱਲੋਂ ਅੱਜ ਫਿਲੌਰਾ ਦੀ ਲੜਾਈ ਦੇ ਹੀਰੋਜ ਨੂੰ ਯਾਦ ਕਰਦਿਆਂ ਸਥਾਨਕ ਰੋਜ਼ ਗਾਰਡਨ ਦੇ ਬਾਹਰ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। 4 ਹਾਰਸ ਰੈਜੀਮੈਂਟ ਦੇ ਐਜੂਡੈਂਟ ਕੈਪਟਨ ਸਿਧਾਰਥ ਸਿੰਘ ਨੇ ਇੱਕ ਛੋਟੀ ਟੁਕੜੀ ਦੀ ਅਗਵਾਈ ਕੀਤੀ ਅਤੇ ਮੇਜਰ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਜਿਕਰਯੋਗ ਹੈ ਕਿ ਫਿਲੋਰਾ ਦੀ ਲੜਾਈ ਭਾਰਤ-ਪਾਕਿ 1965 ਦੀ ਲੜਾਈ ਦੌਰਾਨ ਲੜੀ ਗਈ ਸਭ ਤੋਂ ਵੱਡੀ ਟੈਂਕ ਲੜਾਈਆਂ ਵਿੱਚੋਂ ਇੱਕ ਸੀ। ਮੇਜਰ ਭੁਪਿੰਦਰ ਸਿੰਘ ਨੇ 11 ਤੋਂ 19 ਸਤੰਬਰ ਤੱਕ ਇਸ ਜੰਗ ਵਿੱਚ ਬਹਾਦਰੀ ਨਾਲ ਆਪਣੇ ਦਸਤੇ ਦੀ ਅਗਵਾਈ ਕੀਤੀ ਅਤੇ ਬਹਾਦਰੀ ਨਾਲ ਯੁੱਧ ਕਰਦਿਆਂ ਫਿਲੌਰਾ ਅਤੇ ਸੋਦਰੇਕੇ ਵਿੱਚ ਦੁਸ਼ਮਣ ਦੇ ਕਈ ਟੈਂਕਾਂ ਨੂੰ ਵੀ ਤਬਾਹ ਕੀਤਾ। 19 ਸਤੰਬਰ ਨੂੰ, ਦੁਸ਼ਮਣ ਫੌਜ ਵੱਲੋਂ ਉਨ੍ਹਾਂ ਦੇ ਟੈਂਕ ‘ਤੇ ਜਬਰਦਸਤ ਹਮਲਾ ਕੀਤਾ ਗਿਆ ਅਤੇ ਟੈਂਕ ਅੱਗ ਦੀ ਚਪੇਟ ਵਿੱਚ ਆ ਗਿਆ। ਮੇਜਰ ਭੁਪਿੰਦਰ ਸਿੰਘ ਨੂੰ ਟੈਂਕ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਮਿਲਟਰੀ ਹਸਪਤਾਲ ਦਿੱਲੀ ਵਿਖੇ ਭੇਜ ਦਿੱਤਾ ਗਿਆ ਜਿੱਥੇ 3 ਅਕਤੂਬਰ 1965 ਨੂੰ ਉਨ੍ਹਾਂ ਦਮ ਤੋੜ ਦਿੱਤਾ।

About Author

Leave A Reply

WP2Social Auto Publish Powered By : XYZScripts.com