- ਡੀ.ਸੀ. ਤੇ ਸੀ.ਪੀ. ਵੱਲੋਂ ਕਾਮਿਆਂ ਦੀ ਮਾਨਵਤਾਪੱਖੀ ਭਾਵਨਾ ਨੂੰ ਸਲਾਮ ਕਰਦਿਆਂ, ‘ਆਕਸੀਜਨ ਯੋਧੇ’ ਦੱਸਿਆ
- ਡਾਕਟਰਾਂ, ਨਰਸਾਂ, ਸਿਵਲ ਹਸਪਤਾਲ ਦੇ ਸਟਾਫ, ਡੀ.ਐਮ.ਸੀ.ਐਚ. ਅਤੇ ਸੀ.ਐਮ.ਸੀ.ਐਚ ਆਦਿ ਵੱਲੋਂ ਇਸ ਸੰਕਟਕਾਲੀਨ ‘ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ
ਲੁਧਿਆਣਾ, (ਸੰਜੇ ਮਿੰਕਾ) – ਕੋਵਿਡ-19 ਤੋਂ ਕੀਮਤੀ ਜਾਨਾਂ ਬਚਾਉਣ ਲਈ 24 ਘੰਟੇ ਆਕਸੀਜਨ ਦਾ ਉਤਪਾਦਨ ਕਰਦੇ ਹੋਏ ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਡ (ਵੀ.ਐਸ.ਐਸ.ਐਲ) ਅਤੇ ਵੈਲਟੈਕ ਇਕਿਉਪਮੈਂਟ ਐਂਡ ਇਨਫਰਾਸਟਰੱਕਚਰ (ਡਬਲਿਊ.ਈ.ਆਈ.) ਦੇ ਕਾਮਿਆਂ ਦੀ ਬੇਮਿਸਾਲ ਹਿੰਮਤ ਅਤੇ ਦ੍ਰਿੜਤਾ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਉਨ੍ਹਾਂ ਦੀ ਮਾਨਵਤਾਪੱਖੀ ਭਾਵਨਾ ਨੂੰ ਸਲਾਮ ਕਰਦਿਆਂ ਅਤੇ ਅਦਿੱਖ ਦੁਸ਼ਮਣ ਵਿਰੁੱਧ ਚੱਲ ਰਹੀ ਲੜਾਈ ਵਿਚ ਉਨ੍ਹਾਂ ਨੂੰ ‘ਆਕਸੀਜਨ ਯੋਧਾ’ ਦੱਸਿਆ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਦੋਵਾਂ ਈਕਾਈਆਂ ਵਿੱਚ ਪਹੁੰਚੇ ਅਤੇ ਕਾਮਿਆਂ ਤੇ ਉਨ੍ਹਾਂ ਦੇ ਪ੍ਰਬੰਧਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮਹਾਂਮਾਰੀ ਵਿਰੁੱਧ ਉਨ੍ਹਾਂ ਦੇ ਯਤਨਾਂ ਦਾ ਸੁ਼ਕਰਗੁਜਾਰ ਹੈ, ਜਿਸ ਕਾਰਨ ਕਈ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ ਜਾਂ ਬਚਾਈਆਂ ਜਾਣਗੀਆਂ।ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੁਆਰਾ 20 ਅਗਸਤ, 1940 ਨੂੰ ਇੱਕ ਯੁੱਧ ਸਮੇਂ ਦਿੱਤੇ ਭਾਸ਼ਣ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਵਾਸੀ ਇਨ੍ਹਾਂ ਕਾਮਿਆਂ ਦੁਆਰਾ ਦਿੱਤੀਆਂ ਜਾਂਦੀਆਂ ਨਿਰਸਵਾਰਥ ਸੇਵਾਵਾਂ ਲਈ ਹਮੇਸ਼ਾ ਕਰਜ਼ਾਈ ਰਹਿਣਗੇ, ਜਿਨ੍ਹਾਂ ਦੇ ਯੋਗਦਾਨ ਸਦਕਾ ਇਸ ਮਹਾਂਮਾਰੀ ਵਿੱਚ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਦੇਸ਼ ਦੇ ਕੁੱਝ ਹਿੱਸੇ ਆਕਸੀਜਨ ਪ੍ਰਾਪਤ ਕਰਨ ਲਈ ਜੱਦੋਜਹਿਦ ਕਰ ਰਹੇ ਹਨ ਅਤੇ ਕਈਆਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ ਹਨ, ਪਰ ਲੁਧਿਆਣਾ ਵਿਚ ਤੁਸੀਂ ਸਾਰੇ (ਕਾਮੇ) ਚੌਵੀ ਘੰਟੇ ਕੰਮ ਕਰ ਰਹੇ ਹੋ ਅਤੇ ਕੋਵਿਡ-19 ਦੇ ਮਰੀਜ਼ਾਂ ਲਈ ਜੀਵਨ ਬਚਾਉਣ ਵਾਲੀ ਗੈਸ ਬਣਾਉਣ ਲਈ ਓਵਰਟਾਈਮ ਵੀ ਕਰ ਰਹੇ ਹੋ। ਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਲੁਧਿਆਣਾ ਦੇ ਲੋਕ ਤੁਹਾਡੇ ਜ਼ਜਬੇ ਨੂੰ ਸਲਾਮ ਕਰਦਿਆਂ ਹਮੇਸ਼ਾਂ ਸ਼ੁਕਰਗੁਜ਼ਾਰ ਰਹਿਣਗੇ। ਬਾਅਦ ਵਿਚ, ਉਨ੍ਹਾਂ ਕਾਮਿਆਂ ਨੂੰ ਪ੍ਰਸੰਸਾ ਪੱਤਰ ਵੀ ਸੌਂਪੇ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਸ੍ਰੀ ਰਾਕੇਸ਼ ਅਗਰਵਾਲ ਦੋਵੇਂ ਸਿਵਲ ਹਸਪਤਾਲ, ਡੀ.ਐਮ.ਸੀ.ਐਚ, ਸੀ.ਐਮ.ਸੀ.ਐਚ. ਅਤੇ ਹੋਰ ਸਿਹਤ ਸੰਸਥਾਵਾਂ ਵਿੱਚ ਵੀ ਗਏ ਅਤੇ ਕਿਹਾ ਕਿ ਸਾਰੇ ਡਾਕਟਰ/ਨਰਸਿੰਗ ਸਟਾਫ/ ਵਾਰਡ ਅਟੈਂਡੈਂਟ/ਹੈਲਪਰ/ਐਂਬੂਲੈਂਸ ਡਰਾਈਵਰ ਅਸਲ ਹੀਰੋ ਹਨ ਜੋ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਨਿਰੰਤਰ ਆਪਣੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਜਦੋਂ ਤੱਕ ਇਸ ਮਹਾਂਮਾਰੀ ਖ਼ਿਲਾਫ਼ ਛੇੜੀ ਜੰਗ ਵਿੱਚ ਫਤਿਹ ਹਾਸਲ ਨਹੀਂ ਕਰ ਲੈਂਦੇ ਉਦੋਂ ਤੱਕ ਅਣਥੱਕ ਯਤਨ ਜਾਰੀ ਰੱਖਣਗੇ।