- ਡੀ.ਸੀ. ਨੇ ਭਾਵੁਕ ਅਪੀਲ ਕਰਦਿਆਂ ਕਿਹਾ! ਟੀਕਾਕਰਨ ‘ਚ ਕਿਉਂ ਹਨ ਪਿੱਛੇ ਲੁਧਿਆਣਵੀ ?
- 45 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਜੇਕਰ ਟੀਕਾਕਰਨ ਕਰਵਾ ਲੈਂਦੇ ਹਨ, ਸਾਨੂੰ ਤੀਜ਼ੀ ਲਹਿਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ – ਡੀ.ਸੀ.
ਲੁਧਿਆਣਾ, (ਸੰਜੇ ਮਿੰਕਾ) – ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਲੁਧਿਆਣਾ ਵਾਸੀਆਂ ਨੂੰ ਭਾਵੁਕ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਪੰਜਾਬੀਆਂ ਨੇ ਹਮੇਸ਼ਾਂ ਮੋਹਰੀ ਰੋਲ ਅਦਾ ਕੀਤਾ ਹੈ, ਪਰ ਜਦੋਂ ਹੁਣ ਕੋਰੋਨਾ ਮਹਾਂਮਾਰੀ ਇੱਕ ਅਦਿੱਖ ਦੁਸ਼ਮਣ ਦੇ ਰੂਪ ਵਿੱਚ ਲਗਾਤਾਰ ਆਪਣੇ ਪੈਰ ਪਸਾਰ ਰਹੀ ਤਾਂ ਉਹ ਆਪਣੀ ਬਣਦੀ ਭੂਮਿਕਾ ਨਹੀਂ ਨਿਭਾ ਰਹੇ। ਕੋਵਿਡ ਟੀਕਾਕਰਣ ਮੁਹਿੰਮ ਵਿੱਚ ਲੁਧਿਆਣਾ ਵਾਸੀਆਂ ਦੇ ਪੱਛੜ ਜਾਣ ‘ਤੇ ਚਿੰਤਾ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸੱਚਮੁੱਚ ਇੱਕ ਗੰਭੀਰ ਮਾਮਲਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਅਸੀਂ ਸਾਰੇ ਕੋਵਿਡ ਵਿਰੁੱਧ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਨਹੀਂ ਪਾ ਰਹੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 1221 ਵਸਨੀਕ ਹੁਣ ਤੱਕ ਵਾਇਰਸ ਸਦਕਾ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਸ ਦੇ ਬਾਵਜੂਦ ਲੋਕ ਟੀਕੇ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੇ ਜੋ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਅਸੀਂ ਟੀਕਾਕਰਨ ਮੁਹਿੰਮ ਦਾ ਪੂਰੇ ਦਿਲ ਨਾਲ ਸਮਰਥਨ ਨਹੀਂ ਕਰਾਂਗੇ, ਤਾਂ ਅਸੀਂ ਮਹਾਂਮਾਰੀ ਦੀਆਂ ਹੋਰ ਬਹੁਤ ਸਾਰੀਆਂ ਲਹਿਰਾਂ ਦਾ ਸਾਹਮਣਾ ਕਰਨਾ ਜਾਰੀ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇ ਜ਼ਿਲ੍ਹੇ ਦੇ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਸਨੀਕ ਟੀਕਾ ਲਗਵਾ ਲੈਂਦੇ ਹਨ, ਤਾਂ ਇਹ ਪੱਕਾ ਯਕੀਨ ਹੈ ਕਿ ਸਾਨੂੰ ਇਕ ਹੋਰ ਲਹਿਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸਭ ਕੁਝ ਪਹਿਲਾਂ ਵਾਂਗ ਆਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਮੁਹਿੰਮ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਅੱਗੇ ਆ ਕੇ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ ਜੋ ਇਸ ਬਿਮਾਰੀ ਤੋਂ ਬਚਾਅ ਲਈ ਯਕੀਨੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਟੀਕਾਕਰਣ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਚਲਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿੱਚ ਇਸ ਦੀ ਫੀਸ 250 ਰੁਪਏ ਪ੍ਰਤੀ ਟੀਕਾ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਕ ਵਾਰ ਫੇਰ ਕੋਵਿਡ ਮਾਮਲਿਆਂ ਵਿਚ ਭਾਰੀ ਵਾਧਾ ਹੋ ਰਿਹਾ ਹੈ, ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਅਵੇਸਲੇ ਨਹੀਂ ਹੋਣਾ ਚਾਹੀਦਾ ਅਤੇ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਪ੍ਰਤੀ ਕੁਝ ਲੋਕਾਂ ਦੇ ਲਾਪਰਵਾਹੀ ਵਾਲੇ ਰਵੱਈਏ ਵਿਚ ਵਾਧਾ ਹੋਇਆ ਹੈ ਅਤੇ ਲੋਕਾਂ ਨੂੰ ਭੀੜ ਵਿੱਚ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅਨਾਜ ਮੰਡੀਆਂ ਵਿੱਚ ਵਿਆਪਕ ਪ੍ਰਬੰਧ ਕੀਤੇ ਹਨ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਅਨਾਜ ਦੀ ਖਰੀਦ ਦੇ ਨਾਲ-ਨਾਲ ਅਦਾਇਗੀ ਵੀ ਨਿਰਧਾਰਤ ਸਮੇਂ ਵਿੱਚ ਕੀਤੀ ਜਾਵੇਗੀ।