Friday, April 18

ਬ੍ਰਹਮ ਮਹਿੰਦਰਾ ਵੱਲੋਂ 8.81 ਕਰੋੜ ਰੁਪਏ ਦੀ ਲਾਗਤ ਵਾਲੇ ਆਧੁਨਿਕ ਬੱਸ ਅੱਡੇ ਦਾ ਰੱਖਿਆ ਗਿਆ ਨੀਂਹ ਪੱਥਰ

  • ਦਾਖ਼ਾ ਹਲਕੇ ਦੇ ਸਰਵਪੱਖੀ ਵਿਕਾਸ ਨੂੰ ਮਿਲੇਗਾ ਹੁਲਾਰਾ
  • ਕੈਪਟਨ ਸੰਦੀਪ ਸੰਧੂ ਨੇ ਅੱਜ ਦੇ ਦਿਨ ਨੂੰ ਯਾਦਗਾਰ ਦੱਸਿਆ

ਦਾਖ਼ਾ(ਲੁਧਿਆਣਾ), (ਸੰਜੇ ਮਿੰਕਾ) – ਮੁੱਲਾਂਪੁਰ-ਦਾਖਾ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਅੱਜ ਸਥਾਨਕ ਪੰਜਾਬ ਮੰਡੀ ਬੋਰਡ ਦੀ ਜ਼ਮੀਨ ਵਿੱਚ 8.81 ਕਰੋੜ ਰੁਪਏ ਦੀ ਲਾਗਤ ਵਾਲੇ ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ। ਸਾਬਕਾ ਕੈਬਨਿਟ ਮੰਤਰੀ ਸ.ਮਲਕੀਤ ਸਿੰਘ ਦਾਖਾ, ਵਿਧਾਇਕ ਸ.ਕੁਲਦੀਪ ਸਿੰਘ ਵੈਦ, ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ.ਦਮਨਜੀਤ ਸਿੰਘ ਮੋਹੀ, ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਸ.ਕਰਨਜੀਤ ਸਿੰਘ ਸੋਨੀ ਗਾਲਿਬ, ਪੇਡਾ ਦੇ ਵਾਈਸ ਚੇਅਰਮੈਨ ਕਰਨ ਵੜਿੰਗ ਦੇ ਨਾਲ ਅੱਜ ਨੀਂਹ ਪੱਥਰ ਰੱਖਿਆ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਤਿੰਨ ਮੰਜ਼ਲਾ ਆਧੁਨਿਕ ਬੱਸ ਅੱਡੇ ਦੇ ਨਿਰਮਾਣ ‘ਤੇ 8.81 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਛੇ ਮਹੀਨਿਆਂ ਵਿਚ ਤਿਆਰ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਇਮਾਰਤ ਦੀ ਪਹਿਲੀ ਮੰਜ਼ਲ ‘ਤੇ ਨਗਰ ਕੌਂਸਲ ਦਾ ਦਫ਼ਤਰ ਹੋਵੇਗਾ ਇਸ ਤੋਂ ਇਲਾਵਾ ਗੱਡੀਆਂ ਦੀ ਪਾਰਕਿੰਗ ਲਈ ਖੁੱਲੀ ਜਗ੍ਹਾ, ਦੁਕਾਨਾਂ, ਕੰਟੀਨ ਅਤੇ ਹੋਰ ਬੁਨਿਆਦੀ ਸਹੂਲਤਾਂ ਸ਼ਾਮਲ ਹੋਣਗੀਆਂ। ਦੁਹਰਾਉਂਦਿਆਂ ਕਿ ਪੰਜਾਬ ਸਰਕਾਰ ਰਾਜ ਦੇ ਵਿਕਾਸ ਨੂੰ ਮੁੜ ਲੀਹ ‘ਤੇ ਲਿਆਵੇਗੀ, ਸ੍ਰੀ ਮਹਿੰਦਰਾ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਵਿੱਤੀ ਤੌਰ ‘ਤੇ ਭਾਰੀ ਮਾਰ ਝੱਲਣ ਦੇ ਬਾਵਜੂਦ ਇਨ੍ਹਾ ਵਿਕਾਸ ਕਾਰਜ਼ਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੇਂ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਜਾਰੀ ਰੱਖੇਗੀ। ਸ੍ਰੀ ਮਹਿੰਦਰਾ ਨੇ ਦੱਸਿਆ ਕਿ ਕੰਮ ਦੀ ਗੁਣਵੱਤਾ ਵਿੱਚ ਕਿਸੇ ਵੀ ਤਰਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆ/ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਕੈਪਟਨ ਸੰਦੀਪ ਸੰਧੂ ਨੇ ਅੱਜ ਦੇ ਦਿਨ ਨੂੰ ਇੱਕ ਯਾਦਗਾਰ ਦੱਸਦਿਆਂ ਕਿਹਾ ਕਿ ਬੱਸ ਅੱਡੇ ਦੇ ਨੀਂਹ ਪੱਥਰ ਤੋਂ ਬਾਅਦ ਹੁਣ ਇਸ ਖੇਤਰ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਮਿਲੇਗਾ, ਇਹ ਮੁੱਲਾਂਪੁਰ-ਦਾਖਾ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦਾਖਾ ਖੇਤਰ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਰਾਹ ਖੋਲੇਗਾ। ਉਨ੍ਹਾਂ ਕਿਹਾ ਕਿ ਉਹ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਫੰਡਾਂ ਦੀ ਵੰਡ ਲਈ ਨਿੱਜੀ ਤੌਰ ‘ਤੇ ਪੰਜਾਬ ਸਰਕਾਰ ਦੇ ਰਿਣੀ ਹਨ। ਕੈਪਟਨ ਸੰਧੂ ਨੇ ਸ਼ਹਿਰ ਨਾਲ ਸਬੰਧਤ ਸ਼ਹੀਦਾਂ ਨੂੰ ਨਵਾਂ ਬੱਸ ਅੱਡਾ ਵੀ ਸਮਰਪਿਤ ਕੀਤਾ। ਸਮਾਗਮ ਦੌਰਾਨ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਮਿੰਟ ਦੀ ਮੌਨ ਧਾਰਨ ਵੀ ਕੀਤਾ ਗਿਆ। ਇਸ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਪੰਜਾਬ ਸਟੇਟ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰਸੇਸ਼ਨ (ਪੀ.ਐਸ.ਆਈ.ਡੀ.ਸੀ) ਦੇ ਚੇਅਰਮੈਨ ਸ੍ਰੀ ਕੇ.ਕੇ. ਬਾਵਾ, ਸ.ਮੇਜਰ ਸਿੰਘ ਭੈਣੀ, ਸ.ਅਮਰੀਕ ਸਿੰਘ ਆਲੀਵਾਲ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਤੇਲੂ ਰਾਮ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਸੁਬਰਾਮਨੀਅਮ, ਸ.ਮਨਜੀਤ ਸਿੰਘ ਭਰੋਵਾਲ, ਮਹਿਲਾ ਕਾਂਗਰਸ ਪ੍ਰਧਾਨ ਬੀਬੀ ਗੁਰਦੀਪ ਕੌਰ ਤੇ ਹੋਰ ਸ਼ਾਮਲ ਸਨ।  

About Author

Leave A Reply

WP2Social Auto Publish Powered By : XYZScripts.com