Thursday, May 15

ਬੁਖਾਰ ਜਾਂ ਫਲੂ ਵਰਗੇ ਲੱਛਣ ਪਾਏ ਜਾਣ ਦੀ ਸੂਰਤ ‘ਚ ਡਾਕਟਰ ਨਾਲ ਕਰੋ ਸੰਪਰਕ, ਤੁਰੰਤ ਕੋਵਿਡ ਟੈਸਟ ਕਰਵਾਓ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

  • ਮਨੁੱਖੀ ਜਾਨਾਂ ਦੀ ਰੱਖਿਆ ਕਰਨਾ ਮੁੱਖ ਤਰਜੀਹ, 45 ਸਾਲ ਤੋਂ ਵੱਧ ਦੇ ਸਾਰੇ ਲੋਕ ਤੁਰੰਤ ਕਰਾਉਣ ਟੀਕਾਕਰਨ

ਲੁਧਿਆਣਾ, (ਸੰਜੇ ਮਿੰਕਾ) – ਕੋਵਿਡ-19 ਮਰੀਜਾਂ ਦੀ ਮੌਤ ਦਰ ਨੂੰ ਘਟਾਉਣ ਅਤੇ ਸਹਿ-ਬਿਮਾਰੀ ਵਾਲੇ ਕੋਵਿਡ ਮਰੀਜ਼ਾਂ ਦਾ ਜਲਦ ਤੋਂ ਜਲਦ ਇਲਾਜ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਬੁਖਾਰ ਜਾਂ ਫਲੂ ਵਰਗੇ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਤੁਰੰਤ ਡਾਕਟਰੀ ਜਾਂਚ ਕਰਾਉਣ ਦੀ ਅਪੀਲ ਕੀਤੀ। ਡੀ.ਪੀ.ਆਰ.ਓ. ਲੁਧਿਆਣਾ ਦੇ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਇਸ ਮਹਾਂਮਾਰੀ  ਕਾਰਨ ਹੋਣ ਵਾਲੀਆਂ ਮੌਤਾਂ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ, ਕਿਸੇ ਵੀ ਕੀਮਤ ‘ਤੇ ਮਨੁੱਖੀ ਜਾਨਾਂ ਦੀ ਰੱਖਿਆ ਕਰਨਾ ਹੈ ਜਿਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਬੁਖਾਰ, ਖੰਘ, ਸਰੀਰ-ਦਰਦ ਵਰਗੇ ਲੱਛਣ ਪਾਏ ਜਾਣ ‘ਤੇ ਸਭ ਤੋਂ ਪਹਿਲਾਂ ਗੰਭੀਰਤਾ ਨਾਲ ਕੋਵਿਡ ਦਾ ਟੈਸਟ ਕਰਵਾਉਣ ਤਾਂ ਜੋ ਸਹਿ-ਬਿਮਾਰੀ ਵਾਲੇ ਵਿਅਕਤੀਆਂ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾ ਸਕੇ. ਉਨ੍ਹਾਂ ਖੁਲਾਸਾ ਕੀਤਾ ਕਿ ਅੱਜ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 507 ਮਰੀਜ਼ ਦਾਖਲ ਹਨ ਅਤੇ 15 ਵੈਂਟੀਲੇਟਰਾਂ ‘ਤੇ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ 45 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਨੂੰ ਤੁਰੰਤ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਇਸ ਵਾਇਰਸ ਤੋਂ ਬਚਾਅ ਲਈ ਕਵਚ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਮੋਟਰ ਸਾਈਕਲ ਸਵਾਰ ਨੂੰ ਹੈਲਮੈਟ ਸਿਰ ਦੀ ਸੱਟ ਤੋਂ ਬਚਾਉਂਦਾ ਹੈ, ਜੋ ਕਿ ਦੁਰਘਟਨਾਵਾਂ ਵਿੱਚ ਸਿਰ ਦੀ ਸੱਟ ਨੂੰ ਮੌਤ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ, ਇਸੇ ਤਰਾਂ ਟੀਕਾ ਬਿਮਾਰੀ ਦੀ ਗੰਭੀਰਤਾ ਤੋਂ ਬਚਾਉਂਦਾ ਹੈ ਇਸ ਲਈ ਕੀਮਤੀ ਜਾਨ ਬਚਾਈ ਜਾ ਸਕਦੀ ਹੈ. ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਪੋਜ਼ਟਿਵ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਵਾਰ ਇਹ ਵਾਇਰਸ ਪਹਿਲੀ ਲਹਿਰ ਨਾਲੋਂ ਤੇਜੀ਼ ਨਾਲ ਫੈਲਦਾ ਹੈ ਪਰ ਅਸੀਂ ਮਾਸਕ ਪਹਿਨਣ ਦੀ ਸਖਤੀ ਨਾਲ ਪਾਲਣਾ, ਭੀੜ ਵਿੱਚ ਜਾਣ ਤੋਂ ਪ੍ਰਹੇਜ ਕਰਦਿਆਂ ਅਤੇ ਹੱਥ ਧੋਣ ਨਾਲ ਇਸ ਦੇ ਵਿਰੁੱਧ ਸਮੂਹਿਕ ਰੂਪ ਵਿੱਚ ਲੜ ਸਕਦੇ ਹਾਂ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਨੂੰ ਹਲਕੇ ਢੰਗ ਨਾਲ ਨਾ ਲੈਣ ਕਿਉਂਕਿ ਇਹ ਕੋਈ ਨਹੀਂ ਜਾਣਦਾ ਕਿ ਇਹ ਕਦੋਂ ਖਤਮ ਹੋਵੇਗੀ ਅਤੇ ਕੋਵਿਡ-19 ਸਬੰਧੀ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਣ ‘ਤੇ ਡਾਕਟਰ ਨਾਲ ਸੰਪਰਕ ਕਰਦਿਆਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ।ਸ੍ਰੀ ਸ਼ਰਮਾ ਨੇ ਪਿਛਲੇ ਹਫ਼ਤੇ ਲਗਾਏ ਗਏ ਦੋ ਰੋਜ਼ਾ ਮੈਗਾ ਟੀਕਾਕਰਨ ਕੈਂਪਾਂ ਵਿੱਚ ਭਰਵੇਂ ਹੁੰਗਾਰੇ ਲਈ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਫ਼ਤੇ ਦੇ ਅਖੀਰ ਵਿੱਚ ਹੋਰ ਕੈਂਪ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ।

About Author

Leave A Reply

WP2Social Auto Publish Powered By : XYZScripts.com