- 45 ਸਾਲ ਤੋਂ ਵੱਧ ਉਮਰ ਵਾਲੇ ਵਸਨੀਕਾਂ ਨੂੰ ਵੀ ਟੀਕਾ ਲਗਵਾਉਣ ਦੀ ਕੀਤੀ ਅਪੀਲ
- ਲੁਧਿਆਣਾ ਵਿਖੇ ਵੱਡੀ ਗਿਣਤੀ ‘ਚ ਕਰਵਾਈ ਜਾ ਰਹੀ ਹੈ ਵੈਕਸੀਨੇਸ਼ਨ – ਡੀ.ਐਸ. ਚਾਵਲਾ
ਲੁਧਿਆਣਾ,(ਸੰਜੇ ਮਿੰਕਾ) – ਕੋਵਿਡ 19 ਟੀਕੇ ‘ਤੇ ਪੂਰਾ ਵਿਸ਼ਵਾਸ ਪ੍ਰਗਟ ਕਰਦਿਆਂ 99 ਸਾਲਾ ਸ੍ਰੀਮਤੀ ਹਰਬੰਸ ਕੌਰ ਨੇ ਅੱਜ ਸਥਾਨਕ ਗਿੱਲ ਰੋਡ ‘ਤੇ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ) ਵੱਲੋਂ ਲਗਾਏ ਜਾ ਰਹੇ ਵਿਸ਼ੇਸ਼ ਕੈਂਪ ਵਿੱਚ ਟੀਕਾ ਲਗਵਾਇਆ ਜੋਕਿ ਮਕਾਨ ਨੰਬਰ 3951, ਗਲੀ ਨੰਬਰ 11, ਸ਼ਿਮਲਾਪੁਰੀ, ਡਾਬਾ ਰੋਡ, ਲੁਧਿਆਣਾ ਦੀ ਵਸਨੀਕ ਹੈ ਅਤੇ ਉਨ੍ਹਾ ਦੇ ਪੁੱਤਰ ਸ.ਨਿਰਮਲ ਸਿੰਘ (66) ਨੇ ਵੀ ਟੀਕਾ ਲਗਵਾਇਆ। ਟੀਕਾ ਲਗਵਾਉਣ ਤੋਂ ਬਾਅਦ ਸ੍ਰੀਮਤੀ ਹਰਬੰਸ ਕੌਰ ਨੇ ਨਿਵਾਸੀਆਂ ਨੂੰ ਜਲਦ ਤੋਂ ਜਲਦ ਆਪਣੇ ਆਪ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ। ਉਸਨੇ ਕਿਹਾ ਕਿ ਟੀਕਾ ਲਗਵਾਉਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਮਹਿਸੂਸ ਕਰ ਰਹੀ ਹੈ ਅਤੇ ਜੇ ਅਸੀਂ ਆਪਣੇ ਸਮਾਜ ਵਿਚੋਂ ਕੋਵਿਡ-19 ਨੂੰ ਬਾਹਰ ਕੱਢਣਾ ਚਾਹੁੰਦੇ ਹਾਂ ਤਾਂ ਸਾਰਿਆਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਦੇ ਬੇਟੇ ਸ.ਨਿਰਮਲ ਸਿੰਘ ਨੇ ਕਿਹਾ ਕਿ ਉਸਦੀ ਮਾਂ ਹਮੇਸ਼ਾਂ ਟੀਕਾ ਲਗਵਾਉਣਾ ਚਾਹੁੰਦੀ ਸੀ ਅਤੇ ਉਨ੍ਹਾਂ ਕੋਈ ਸੰਕੋਚ ਨਹੀਂ ਕੀਤਾ, ਜਦੋਂ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅੱਜ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਸਨੇ ਕਿਹਾ ਕਿ ‘ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੋਵਿਡ-19 ਟੀਕਾਕਰਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਾਰੇ ਲੋਕਾਂ ਨੂੰ ਜਲਦ ਤੋਂ ਜਲਦ ਆਪਣੇ ਆਪ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ’। ਯੂ.ਸੀ.ਪੀ.ਐਮ.ਏ. ਦੇ ਪ੍ਰਧਾਨ ਡੀ.ਐਸ. ਚਾਵਲਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਪ੍ਰੇਰਣਾ ਸਦਕਾ ਉਨ੍ਹਾਂ 3 ਅਪ੍ਰੈਲ, 2021 ਨੂੰ ਸਥਾਨਕ ਗਿੱਲ ਰੋਡ ‘ਤੇ ਯੂ.ਸੀ.ਪੀ.ਐਮ.ਏ. ਦਫ਼ਤਰ ਵਿੱਚ ਇੱਕ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾਂ ਸੈਂਕੜੇ ਲੋਕਾਂ ਵੱਲੋਂ ਉਨ੍ਹਾਂ ਦੇ ਕੈਂਪ ਵਿੱਚ ਵੈਕਸੀਨੇਸ਼ਨ ਕਰਵਾਈ ਜਾਂਦੀ ਹੈ ਅਤੇ ਇਹ ਵਿਸ਼ੇਸ਼ ਕੈਂਪ 10 ਅਪ੍ਰੈਲ 2021 ਤੱਕ ਜਾਰੀ ਰਹੇਗਾ ਜਿਸ ਵਿੱਚ ਕੋਈ ਵੀ ਵਿਅਕਤੀ ਇੱਥੇ ਆਕੇ ਆਪਣਾ ਮੁਫ਼ਤ ਟੀਕਾਕਰਨ ਕਰਵਾ ਸਕਦਾ ਹੈ। ਇਸ ਮੌਕੇ ਸਕੱਤਰ ਯੂ.ਸੀ.ਪੀ.ਐਮ.ਏ ਸ.ਹਰਸਿਮਰਜੀਤ ਸਿੰਘ ਲੱਕੀ ਵੀ ਹਾਜਰ ਸਨ।