- ਵਿਧਾਇਕ ਇਯਾਲੀ ਦਾ ਨੇੜਲਾ ਸਾਥੀ ਰੂਬੀ ਬੱਲੋਵਾਲ ਕਾਂਗਰਸ ‘ਚ ਸ਼ਾਮਿਲ
ਮੁੱਲਾਂਪੁਰ ਦਾਖਾ, (ਸੰਜੇ ਮਿੰਕਾ) – ਸਿਆਸੀ ਸੁਰਖੀਆਂ ਵਿੱਚ ਰਹਿਣ ਵਾਲੇ ਹਲਕਾ ਦਾਖਾ ਵਿੱਖ ਅਕਾਲੀ ਦਲ ਦੀ ਪਕੜ ਨੂੰ ਤੋੜਨ ਵੱਲ ਵੱਧਦਿਆਂ ਕਾਂਗਰਸ ਪਾਰਟੀ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਅਤੀ ਨੇੜੇ ਸਮਝੇ ਜਾਂਦੇ ਤੇ ਪਾਰਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਰਹੇ ਅਮਰਦੀਪ ਸਿੰਘ ਰੂਬੀ ਬੱਲੋਵਾਲ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਭਾਵੇਂ ਪੰਜਾਬ ਵਿੱਚ ਅਕਾਲੀ ਦਲ ਦਾ ਇਸ ਸਮੇਂ ਸਿਆਸੀ ਦ੍ਰਿਸ਼ ਪਿਛੇ ਦਿਖ ਰਿਹਾ ਹੈ, ਜਦੋਂਕਿ ਹਲਕਾ ਦਾਖਾ ਵਿੱਚ ਜਿਮਨੀ ਚੋਣ ਜਿੱਤਣ ਤੋਂ ਬਾਅਦ ਇਥੋਂ ਦਾ ਸਿਆਸੀ ਦ੍ਰਿਸ਼ ਵੱਖਰਾ ਨਜ਼ਰ ਆ ਰਿਹਾ ਸੀ, ਪ੍ਰੰਤੂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵਲੋਂ ਚੋਣ ਹਾਰਨ ਤੋਂ ਬਾਅਦ ਵੀ ਹਲਕਾ ਦਾਖਾ ਵਿੱਚ ਵਿਚਰਦਿਆਂ ਇਥੇ ਪਾਰਟੀ ਦੀ ਸਥਿਤੀ ਨੂੰ ਮਜ਼ਬੂਤੀ ਵੱਲ ਲੈ ਆਂਦਾ ਹੈ ਤੇ ਹੁਣ ਚੋਣਾਂ ਦੇ ਨੇੜੇ ਆਉਣ ਦੇ ਨਾਲ-ਨਾਲ ਕਾਂਗਰਸ ਪਾਰਟੀ ਨੇ ਇਸ ਹਲਕੇ ਼ਚ ਅਕਾਲੀ ਦਲ ਵੱਡੇ ਥੰਮ ਵੀ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਪਾਰਟੀ ਵਲੋਂ ਅਮਰਦੀਪ ਸਿੰਘ ਰੂਬੀ ਦੀ ਕਾਂਗਰਸ ਪਾਰਟੀ ‘ਚ ਸਮੂਲੀਅਤ ਨੂੰ ਰਾਜ ਪੱਧਰ ‘ਤੇ ਉਭਾਰਨ ਲਈ ਇਹ ਸਮੂਲੀਅਤ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ ਦੀ ਹਾਜ਼ਰੀ ਵਿੱਚ ਕੀਤੀ ਗਈ ਹੈ। ਇਥੇ ਜਿਕਰਯੋਗ ਹੈ ਰੂਬੀ, ਲੁਧਿਆਣਾ ਯੂਥ ਅਕਾਲੀ ਦਲ ਦੇ ਪ੍ਰਧਾਨ, ਤਿੰਨ ਵਾਰ ਬਲਾਕ ਸੰਮਤੀ ਮੈਂਬਰ, ਬਲਾਕ ਸੰਮਤੀ ਪੱਖੋਵਾਲ ਦੇ ਵਾਇਸ ਚੇਅਰਮੈਨ ਤੇ ਪਿੰਡ ਬੱਲੋਵਾਲ ਦੇ ਸਰਪੰਚ ਵੀ ਰਹਿ ਚੁੱਕੇ ਹਨ ਤੇ ਜਿਮਨੀ ਚੋਣ ਦੌਰਾਨ ਇਸ ਹਲਕੇ ਵਿੱਚ ਅਕਾਲੀ ਦਲ ਦੀ ਜਿੱਤ ਵਿੱਚ ਇਸ ਆਗੂ ਦੀ ਅਹਿਮ ਭੂਮਿਕਾ ਰਹੀ ਹੈ। ਰੂਬੀ ਦੀ ਸਮੂਲੀਅਤ ਨੇ ਦਾਖਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਦੇ ਚਿਹਰੇ ‘ਤੇ ਵੀ ਇਕਦਮ ਵੱਡਾ ਖੇੜਾ ਲੈ ਆਂਦਾ ਹੈ ਤੇ ਅੱਜ ਪੂਰਾ ਦਿਨ ਇਹ ਖ਼ਬਰ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹੀਆਂ ਤੇ ਕਾਂਗਰਸੀ ਆਗੂ ਇਕ ਦੂਜੇ ਨੂੰ ਵਧਾਈ ਵੀ ਦਿੰਦੇ ਰਹੇ। ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਇਕ ਦਹਾਕੇ ਦੇ ਸਮੇਂ ਦੌਰਾਨ ਝੂਠੇ ਪਰਚਿਆਂ ‘ਤੇ ਸਿਆਸੀ ਰੰਜਿਸ਼ਾਂ ਕਾਰਨ ਚਰਚਾ ਵਿਚ ਰਹੇ ਦਾਖਾ ਹਲਕੇ ਵਿੱਚ ਕਾਂਗਰਸ ਪਾਰਟੀ ਨੇ ਕਿਸੇ ਆਗੂ ਦੀ ਬਾਂਹ ਮਰੋੜ ਕੇ ਨਾਲ ਤੋਰਨ ਵੱਲ ਕਦਮ ਨਹੀਂ ਚੁੱਕਿਆ, ਸਗੋਂ ਹਲਕੇ ਦੇ ਅਕਾਲੀ ਆਗੂ ਖੁਦ ਸਰਕਾਰ ਦੇ ਕੰਮ ਤੋਂ ਖੁਸ਼ ਹੁੰਦਿਆਂ ਕਾਂਗਰਸ ਨਾਲ ਤੁਰ ਰਹੇ ਹਨ। ਉਨ੍ਹਾਂ ਅਕਾਲੀ ਦਲ ‘ਤੇ ਇਹ ਵੀ ਟਿੱਪਣੀ ਕੀਤੀ ਕਿ ਪਾਰਟੀ ਦਾ ਹੁਣ ਤਾਂ ਪੂਰੇ ਪੰਜਾਬ ਵਿੱਚ ਬਿਸਤਰਾ ਗੋਲ ਹੋ ਚੁੱਕਾ ਹੈ ਤੇ ਦੂਸਰੇ ਪਾਸੇ ਤੀਜੀ ਧਿਰ ਆਪ਼ ਦਾ ਪਹਿਲਾਂ ਹੀ ਇਥੋਂ ਖਤਮ ਹੋ ਚੁੱਕੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਈਸ਼ਵਰਜੋਤ ਸਿੰਘ ਚੀਮਾ, ਨਵਇੰਦਰ ਸਿੰਘ ਨੇਵੀ ਜੌਹਲ, ਬਨੀ ਢਿੱਲੋਂ, ਦਵਿੰਦਰ ਮਾਨ, ਐਰਕ ਛਪਾਰ ਆਦਿ ਹਾਜ਼ਰ ਸਨ।