- ਕਾਰਪੋਰੇਟ ਖੇਤਰ ਵੱਲੋਂ ਜਮ੍ਹਾਂਖੋਰੀ ਦੇ ਕਾਰਨ ਖਾਣ ਪੀਣ ਦੀਆਂ ਵਸਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ
- ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਨਿੱਜੀਕਰਨ ਦੇ ਵਿਰੋਧ ਵਿੱਚ ਸਾਂਝੀ ਰੈਲੀ
ਲੁਧਿਆਣਾ,(ਸੰਜੇ ਮਿੰਕਾ)-ਅੱਜ ਇੱਥੇ ਲੁਧਿਆਣਾ ਵਿਖੇ ਰੇਲਵੇ ਸਟੇਸ਼ਨ ਦੇ ਬਾਹਰ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਾਂਝੇ ਪ੍ਰੋਗਰਾਮ ਦੇ ਤਹਿਤ ਇਕ ਵਿਸ਼ਾਲ ਰੈਲੀ ਕੀਤੀ ਗਈ । ਇਸ ਰੈਲੀ ਵਿੱਚ ਏਟਕ, ਇੰਟਕ, ਸੀਟੂ, ਸੀ ਟੀ ਯੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਇਨਾ ਨਵੇਂ ਖੇਤੀ ਕਾਨੂੰਨਾਂ ਦੇ ਤਹਿਤ ਖੇਤੀਬਾੜੀ ਤੇ ਕਾਰਪੋਰੇਟ ਖੇਤਰ ਦਾ ਪੂਰੀ ਤਰ੍ਹਾਂ ਨਿਯੰਤਰਣ ਹੋ ਜਾਏਗਾ ਅਤੇ ਉਨ੍ਹਾਂ ਨੂੰ ਖੇਤੀ ਉਪਜ ਦੀ ਜਮ੍ਹਾਂਖੋਰੀ ਕਰਨ ਦੀ ਖੁੱਲ੍ਹੀ ਇਜਾਜ਼ਤ ਹੋਏਗੀ । ਇਸ ਦੇ ਸਿੱਟੇ ਵਜੋਂ ਆਉਣ ਵਾਲੇ ਸਮੇਂ ਵਿਚ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਬਹੁਤ ਵਧ ਜਾਣਗੀਆਂ ਜਿਸ ਦਾ ਅਸਰ ਸਮਾਜ ਦੇ ਕਮਜ਼ੋਰ ਤੇ ਮੱਧਮ ਵਰਗਾਂ ਤੇ ਬਹੁਤ ਜਿਆਦਾ ਪਏਗਾ । ਭੁੱਖਮਰੀ ਦੇ ਵਿੱਚ ਪਹਿਲਾਂ ਹੀ ਭਾਰਤ ਦਾ ਸਥਾਨ 117 ਵਿਚੋਂ 102 ਤੇ ਹੈ ਤੇ ਇਹ ਹਾਲਾਤ ਹੋਰ ਵਿਗੜ ਜਾਣਗੇ । ਬੁਲਾਰਿਆਂ ਨੇ ਅੱਗੇ ਕਿਹਾ ਕਿ ਸਰਕਾਰ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਤੇ ਵੇਚਣ ਲੱਗੀ ਹੈ ਅਤੇ ਹਰ ਚੀਜ਼ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਖੇਤਰ ਨੂੰ ਗੱਫੇ ਦੇ ਰਹੀ ਹੈ । ਬੈਂਕਾਂ ਦਾ ਨਿਜੀਕਰਨ ਦੇਸ਼ ਦੀ ਆਰਥਿਕਤਾ ਦੇ ਲਈ ਬਹੁਤ ਹੀ ਘਾਤਕ ਹੋਏਗਾ । ਸਰਕਾਰ ਦੀ ਨੀਅਤ ਬੈਂਕਾਂ ਨੂੰ ਉਨ੍ਹਾਂ ਕਾਰਪੋਰੇਟ ਖੇਤਰਾਂ ਨੂੰ ਸੌਂਪਣ ਦੀ ਹੈ ਜਿਨ੍ਹਾਂ ਨੇ ਬੈਂਕਾਂ ਵਿੱਚ ਜਮ੍ਹਾਂ ਆਮ ਲੋਕਾਂ ਦੇ ਤੇਰਾਂ ਲੱਖ ਕਰੋੜ ਰੁਪਏ ਤੋਂ ਵੀ ਵੱਧ ਖਾਧੇ ਹੋਏ ਹਨ ਅਤੇ ਸਰਕਾਰ ਨੇ ਉਸ ਨੂੰ ਮੁਆਫ਼ ਕਰ ਦਿੱਤਾ ਹੈ ਦੂਜੇ ਪਾਸੇ ਆਮ ਲੋਕਾਂ ਲਈ ਸਬਸਿਡੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਜਿਵੇਂ ਕਿ ਪੈਟਰੋਲ, ਡੀਜ਼ਲ ਤੇ ਗੈਸ ਦੀ ਕੀਮਤ ਤੇ ਉਸ ਦਾ ਅਸਰ ਪਿਆ ਹੈ। ਕਿਸਾਨ ਅੰਦੋਲਨ ਨੇ ਇੱਕ ਰਸਤਾ ਦਿਖਾਇਆ ਹੈ । ਕੋਰੋਨਾ ਦੀ ਆੜ ਵਿੱਚ ਸਰਕਾਰ ਨੇ ਜਿਸ ਤਰਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਦੁਆਰਾ ਕਬਜ਼ਾ ਕਰਨ ਲਈ ਕਾਨੂੰਨ ਬਣਾਏ ਹਨ ਉਸੇ ਢੰਗ ਦੇ ਨਾਲ ਲੇਬਰ ਕਾਨੂੰਨਾਂ ਦਾ ਮਲੀਆਮੇਟ ਨਾਂਹ ਪੱਖੀ ਚਾਰ ਕੋਡ ਬਣਾ ਕੇ ਮਜ਼ਦੂਰਾਂ ਦੇ ਹੱਕ ਖੋਹ ਲਏ ਹਨ । ਨਵੀਂ ਵਿੱਦਿਅਕ ਨੀਤੀ ਦੇ ਕਾਰਨ ਕਮਜ਼ੋਰ ਵਰਗਾਂ ਦੇ ਬੱਚੇ ਉੱਚ ਵਿੱਦਿਆ ਤੋਂ ਸੰਪੂਰਨ ਤੌਰ ਤੇ ਵਾਂਝੇ ਰਹਿ ਜਾਣਗੇ । ਇਹੋ ਹਾਲ ਸਿਹਤ ਸੇਵਾਵਾਂ ਦਾ ਵੀ ਹੋਏਗਾ । ਇਸ ਲਈ ਅੱਜ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਸਰਕਾਰ ਦੀਆਂ ਇਨ੍ਹਾਂ ਨਿੱਜੀਕਰਨ ਦੀਆਂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਏ । ਰੈਲੀ ਨੂੰ ਸੰਬੋਧਨ ਕਰਨ ਵਾਲਿਆ ਵਿਚ ਸ਼ਾਮਲ ਸਨ ਚਰਨ ਸਰਾਭਾ, ਜਤਿੰਦਰ ਸਿੰਘ, ਪ੍ਰੋਫ਼ੈਸਰ ਜੈ ਪਾਲ ਸਿੰਘ, ਵਿਜੇ ਕੁਮਾਰ, ਪਰਮਜੀਤ ਸਿੰਘ,ਐਮ ਐਸ ਭਾਟੀਆ , ਗੁਰਮੇਲ ਸਿੰਘ ਮੈਲਡੇ , ਚਮਕੌਰ ਸਿੰਘ, ਵਿਨੋਦ ਤਿਵਾੜੀ , ਮਾਸਟਰ ਫਿਰੋਜ਼, ਬਲਦੇਵ ਮੌਦਗਿੱਲ, ਬਲਰਾਮ, ਕਾਮੇਸ਼ਵਰ, ਸਰੋਜ ਸ਼ਾਮਿਲ ਸਨ। ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ।ਸਟੇਜ ਦਾ ਸੰਚਾਲਨ ਨੂੰ ਗੁਰਜੀਤ ਸਿੰਘ ਜਗਪਾਲ।
ਪ੍ਰਧਾਨਗੀ ਮੰਡਲ ਵਿੱਚ ਸਾਥੀ ਸਵਰਨ ਸਿੰਘ , ਰਮੇਸ਼ ਰਤਨ, ਜਗਦੀਸ਼ ਚੰਦ, ਕੁਲਵਿੰਦਰ ਸਿੰਘ ਸ਼ਾਮਿਲ ਸਨ।