Thursday, May 15

ਸਰਬਜੀਤ ਜੱਸ ਦੀ ਲੋਕ ਵਿਰਾਸਤ ਆਧਾਰਤ ਕਾਵਿ ਪੁਸਤਕ ਤਾਮ ਕੀਮਤੀ ਸੁਗਾਤ – ਗੁਰਭਜਨ ਗਿੱਲ

ਲੁਧਿਆਣਾ,(ਸੰਜੇ ਮਿੰਕਾ,राजीव)- ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਵੱਲੋਂ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ (ਲੁਧਿਆਣਾ) ਵਿਖੇ ਕਰਵਾਏ ਸਾਹਿੱਤਕ ਸਮਾਗਮ ਉਪਰੰਤ ਗੈਰ ਰਸਮੀ ਤੌਰ ਤੇ ਪਟਿਆਲਾ ਵੱਸਦੀ ਪੰਜਾਬੀ ਕਵਿੱਤਰੀ ਸਰਬਜੀਤ ਜੱਸ ਦੀ ਲੋਕ ਵਿਰਾਸਤ ਆਧਾਰਤ ਕਾਵਿ ਪੁਸਤਕ ਤਾਮ ਲੋਕ ਅਰਪਨ ਪ੍ਰੋ: ਗੁਰਭਜਨ ਗਿੱਲ, ਪ੍ਰੋ: ਰਵਿੰਦਰ ਭੱਠਲ,ਡਾ. ਨਵਤੇਜ ਸਿੰਘ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤੀ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਜੱਸ ਦੀ ਕਾਵਿ ਕਿਤਾਬ ਤਾਮ 21ਵੀਂ ਸਦੀ ਦੇ ਬੱਚਿਆਂ ਲਈ ਕੀਮਤੀ ਸੁਗਾਤ  ਕਹਿ ਸਕਦੇ ਹਾਂ ਕਿਉਂਕਿ ਇਸ ਦੀਆਂ ਸਮੁੱਚੀਆਂ ਕਵਿਤਾਵਾਂ ਘਰ ਪਰਿਵਾਰ ਤੋਂ ਪੰਜਾਬੀ ਸੰਸਾਰ ਨੂੰ ਫੁਲਕਾਰੀ ਵਰਗੀ ਬੁੱਕਲ ਚ ਸੰਭਾਲਦੀਆਂ ਹਨ। ਚੁੱਲ੍ਹਾ, ਤਵੀ, ਚੱਕੀ, ਆਲ਼ਾ, ਹਾਰਾ, ਮਧਾਣੀ,ਘੜਵੰਜੀ, ਪੀੜ੍ਹੀ, ਭੜੋਲੀ, ਤਾਮ, ਘੜਾ, ਚਾਟੀ, ਕਾੜ ੀ, ਤੌੜੀ, ਚੱਪਣੀ, ਚੰਗੇਰ, ਤੰਦੂਰ, ਡੋਹਣੀ, ਅੰਗੀਠੀ, ਉੁੱਖਲੀ, ਛਾਨਣੀ, ਚਿਮਟਾ, ਘੋਟਣਾ, ਫੂਕਣੀ,ਕੂਚੀ, ਚਕਲਾ, ਵੇਲਣਾ, ਭਾਂਡੇ, ਚਾਕੂ, ਪੋਣਾ, ਪਰੋਲਾ, ਪਾਂਡੂ ਦਾ ਪੋਚਾ, ਕੰਧੋਲੀ ਕਿੰਗਰੇ, ਸਬਾਤ, ਚੌਂਕਾ, ਭੁੱਖ,ਰੱਜ ਰੋਟੀ, ਪਲੇਥਣ, ਚੂਹੀ , ਭੱਤਾ, ਅੱਗ, ਧੂੰਆਂ, ਪਾਥੀ, ਉਬਾਲ਼ਾ, ਰਿੱਝਣਾ, ਜ਼ਾਇਕਾ,  ਤੇ ਸੁਆਣੀ ਵਰਗੀਆਂ ਘਰ ਪਰਿਵਾਰ ਆਧਾਰਿਤ ਸਭਿਆਚਾਰਕ ਵਸਤਾਂ, ਵਰਤਾਰਿਆਂ ਤੇ ਮਾਹੌਲ ਬਾਰੇ ਲਿਖ ਕੇ ਉਸ ਨੇ ਵਿਰਸੇ ਨੂੰ ਵਰਤਮਾਨ ਦੇ ਰੂਬਰੂ ਕਰਕੇ ਭਵਿੱਖ ਲਈ ਕਾਵਿ ਲਿਖਤ ਲਿਖ ਦਿੱਤੀ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਪ੍ਰਕਾਰ ਦੀਆਂ ਕਾਵਿ ਲਿਖਤਾਂ  ਵਿੱਚ ਜੋਗਾ ਸਿੰਘ ਦੀ ਆਪਣੀ ਮਿੱਟੀ, ਡਾ: ਈਸ਼ਵਰ ਦਯਾਲ ਗੌੜ ਦੀ ਸੁਰਮੇਦਾਨੀ, ਪ੍ਰੋ: ਰਵਿੰਦਰ ਭੱਠਲ ਦੀ ਮਨ ਮਮਟੀ ਦੇ ਮੋਰ ਤੇ ਸੁਖਵੰਤ ਕੌਰ ਮਾਨ ਦੀ ਪੁਸਤਕ ਵੀ ਇਸੇ ਮਾਰਗ ਦੀਆਂ ਪਾਂਧੀ ਸਨ ਪਰ ਜੱਸ ਨੇ ਇਨ੍ਹਾਂ ਲੇਖਕਾਂ ਤੋਂ ਬਾਰੀਕ ਸੂਤਰ ਕੱਤਿਆ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕੀ ਸੁਹਜਵੰਤੀ ਧੀ ਬਣ ਕੇ ਸਰਬਜੀਤ ਜੱਸ ਨੇ ਪੰਜਾਬੀ ਸਭਿਆਚਾਰ ਦਾ ਚੁੱਲ੍ਹਾ ਚੌਂਕਾ ਸੰਵਾਰਨ ਦੇ ਨਾਲ ਨਾਲ ਸਾਡੇ ਮਨਾਂ ਚ ਵੀ ਬੁਹਾਰੀ ਫੇਰ ਕੇ ਆਧੁਨਿਕਤਾ ਦਾ ਨਕਲੀ ਕੂੜਾ ਕੱਢਿਆ ਹੈ। ਇਹ ਕਵਿਤਾਵਾਂ ਵਿਰਸੇ ਦੀ ਅਸਲ ਸੰਭਾਲ ਹਨ। ਸਰਬਜੀਤ ਜੱਸ ਨੇ ਪੁਸਤਕ ਦੀ ਸਿਰਜਣ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਵਿਤਾਵਾਂ ਮੈਂ ਆਪਣੀ ਵਿਰਾਸਤ ਨੂੰ ਵਿਸਾਰਨ ਦੇ ਰਾਹ ਤੁਰੇ ਪੰਜਾਬੀ ਕਾਫ਼ਲੇ ਲਈ ਮੋੜੇ ਵਾਂਗ ਚਿਤਵੀਆਂ ਹਨ। ਯਾਦਾਂ ਅੰਦਰਲੀ ਕੰਧੋਲ਼ੀ ਦੀਆਂ ਮੋਰੀਆਂ ਵਿੱਚੋਂ ਦੀ ਵੇਖੇ ਦ੍ਰਿਸ਼ ਹੀ ਹਨ ਇਹ ਕਵਿਤਾਵਾਂ। ਤੇਜ਼ ਰਫ਼ਤਾਰੀ ਦੀ ਕਾਲ਼ੀ ਬੋਲ਼ੀ ਹਨ੍ਹੇਰੀ  ਵਿੱਚ ਗੁਆਚਦੇ ਅਰਥਵਾਨ ਤੱਤਾਂ ਦੀ ਸੰਭਾਲ ਕਰਨ ਹਿਤ ਇਸ ਪੁਸਤਕ ਦੀ ਰਚਨਾ ਹੋਈ ਹੈ। ਡਾ: ਨਿਰਮਲ ਜੌੜਾ ਨੇ ਕਿਹਾ ਕਿ ਇਹ ਪੁਸਤਕ ਯੂਨੀਵਰਸਿਟੀ ਯੁਵਕ ਮੇਲਿਆਂ ਦੇ ਵਿਰਾਸਤੀ ਮੁਕਾਬਲਿਆਂ ਵਿੱਚ ਹਵਾਲਾ ਸਰੋਤ ਪੁਸਤਕ ਵਜੋਂ ਕੰਮ ਕਰੇਗੀ। ਉਨ੍ਹਾਂ ਲੇਖਿਕਾ ਸਰਬਜੀਤ ਤੇ  ਚੇਤਨਾ ਪ੍ਰਕਾਸ਼ਨ ਲੁਧਿਆਣਾ ਨੂੰ ਇਸ ਮੁੱਲਵਾਨ ਪੁਸਤਕ ਦੇ ਪ੍ਰਕਾਸ਼ਨ ਦੀ ਮੁਬਾਰਕ ਦਿੱਤੀ।ਇਸ ਮੌਕੇ  ਪੰਜਾਬੀ ਕਵੀ ਸੇਵਾ ਸਿੰਘ ਭਾਸ਼ੋ, ਪ੍ਰਭਜੋਤ ਸਿੰਘ ਸੋਹੀ,ਦਲਜਿੰਦਰ ਰਹਿਲ(ਇਟਲੀ) ਤਰਸੇਮ ਨੂਰ, ਰਮਨਦੀਪ ਕੌਰ ਵਿਰਕ , ਰਾਜਦੀਪ ਸਿੰਘ ਤੂਰ,ਅਮਨਦੀਪ ਸਿੰਘ ਟੱਲੇਵਾਲੀਆ ਤੇ ਸੁਖਦੀਪ ਔਜਲਾ, ਦਿਲਦਾਰ ਸਿੰਘ ਹਲਵਾਰਾ,ਮਾਸਟਰ ਅਵਤਾਰ ਸਿੰਘ ਬੁਰਜ ਲਿਟਾਂ ,ਗੁਰੂ ਰਾਮ ਦਾਸ ਕਾਲਿਜ ਹਲਵਾਰਾ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਤੇ ਹਰਭਜਨ ਹਲਵਾਰਵੀ ਜੀ  ਦੇ ਨਿੱਕੇ  ਵੀਰ ਤੇ ਇਤਿਹਾਸਕਾਰ ਡਾ: ਨਵਤੇਜ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਸੰਧੂ , ਪ੍ਰਿੰਸੀਪਲ ਨਵਨੀਤ ਕੌਰ ਸੰਧੂ, ਰਾਮ ਗੋਪਾਲ ਰਾਏਕੋਟੀ ਤੇ ਚਰਨਜੀਤ ਸਿੰਘ ਢਿੱਲੋਂ,ਗੁਰਮੀਤ ਸਿੰਘ ਕੰਵਲ ਦਿੱਲੀ ਵੀ ਹਾਜ਼ਰ ਸਨ।Attachments area

About Author

Leave A Reply

WP2Social Auto Publish Powered By : XYZScripts.com