Friday, March 21

ਜ਼ਿਲ੍ਹਾ ਲੁਧਿਆਣਾ ‘ਚ ਅੱਜ 353 ਸੀਨੀਅਰ ਸਿਟੀਜਨ ਅਤੇ 45-59 ਸਾਲ ਦਰਮਿਆਨ ਗੰਭੀਰ ਬਿਮਾਰੀਆਂ ਤੋਂ ਪੀੜਤ 126 ਵਿਅਕਤੀਆਂ ਨੂੰ ਕੋਵਿਡ-19 ਵੈਕਸੀਨੇਸ਼ਨ ਦਾ ਟੀਕਾ ਲਗਾਇਆ – ਡਿਪਟੀ ਕਮਿਸ਼ਨਰ

  • ਅੱਜ ਕੁੱਲ 1601 ਵਿਅਕਤੀਆਂ ਦੀ ਕੀਤੀ ਵੈਕਸੀਨੇਸ਼ਨ
  • ਕੱਲ੍ਹ ਤੋਂ ਵਸਨੀਕ 28 ਥਾਵਾਂ/ਹਸਪਤਾਲਾਂ ‘ਤੇ ਟੀਕਾ ਲਗਵਾ ਸਕਦੇ ਹਨ – ਡਾ. ਕਿਰਨ ਗਿੱਲ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਅੱਜ 353 ਸੀਨੀਅਰ ਸਿਟੀਜਨ (60 ਸਾਲ ਤੋਂ ਵੱਧ ਉਮਰ ਦੇ) ਅਤੇ 45 ਤੋਂ 59 ਸਾਲ ਦਰਮਿਆਨ ਗੰਭੀਰ ਬਿਮਾਰੀਆਂ ਤੋਂ ਪੀੜਤ 126 ਵਿਅਕਤੀਆਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਅੱਜ ਤੋਂ ਸ਼ੁਰੂ ਹੋਇਆ, ਜਿਸ ਵਿੱਚ ਬਜ਼ੁਰਗ ਨਾਗਰਿਕ ਅਤੇ 45 ਤੋਂ 59 ਸਾਲ ਦੇ ਵਿਚਕਾਰ (1 ਜਨਵਰੀ, 2022 ਨੂੰ) ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੇ ਆਪਣੀ ਵੈਕਸੀਨੇਸ਼ਨ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਤੇ ਪੂਰੀ ਤਰ੍ਹਾਂ ਮੁਫਤ ਹੋਵੇਗਾ, ਨਿੱਜੀ ਹਸਪਤਾਲ ਲਾਭਪਾਤਰੀ ਕੋਲੋਂ ਲਈ 250 ਰੁਪਏ (ਪ੍ਰਤੀ ਖੁਰਾਕ) ਤੋਂ ਵੱਧ ਨਹੀਂ ਵਸੂਲ ਸਕਦੇ, ਜਿਸ ਵਿਚ ਟੀਕੇ ਦੀ ਕੀਮਤ ਵਜੋਂ 150 ਰੁਪਏ ਅਤੇ 100 ਰੁਪਏ ਸੇਵਾ ਖਰਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਸੇਵਾ ਖਰਚ ਲਈ ਪ੍ਰਤੀ ਵਿਅਕਤੀ 100 ਰੁਪਏ (ਪ੍ਰਤੀ ਖੁਰਾਕ) ਤੋਂ ਵੱਧ ਨਹੀਂ ਲੈ ਸਕਦੇ। ਉਨ੍ਹਾਂ ਦੱਸਿਆ ਕਿ ਅੱਜ ਕੁੱਲ 83 ਸਿਹਤ ਕਰਮੀਆਂ ਨੇ ਆਪਣਾ ਪਹਿਲਾ ਟੀਕਾ ਲਗਾਵਾਇਆ ਅਤੇ 884 ਕਰਮੀਆਂ ਵੱਲੋਂ ਦੂਜਾ ਟੀਕਾ ਲਗਵਾਇਆ ਗਿਆ। ਇਸੇ ਤਰ੍ਹਾਂ 155 ਫਰੰਟਲਾਈਨ ਵਰਕਰਾਂ ਵੱਲੋਂ ਪਹਿਲਾ ਟੀਕਾ ਲਗਵਾਇਆ, ਜਿਸ ਨਾਲ ਅੱਜ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਦੀ ਕੁੱਲ ਗਿਣਤੀ 1601 ਹੋ ਗਈ ਹੈ। ਕੋਵਿਡ-19 ਦੇ ਸਿਵਲ ਸਰਜਨ ਡਾ. ਕਿਰਨ ਗਿੱਲ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਲਈ ਲਾਭਪਾਤਰੀ COWIN ਰਾਹੀਂ ਸਵੈ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਾਂ ਉਹ ਨਿਰਧਾਰਤ ਹਸਪਤਾਲਾਂ ਅਤੇ ਟੀਕਾਕਰਣ ਕੇਂਦਰਾਂ ‘ਤੇ ਵੀ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ 28 ਥਾਵਾਂ/ਹਸਪਤਾਲਾਂ ਵਿੱਚ ਕੋਵਿਡ-19 ਟੀਕਾਕਰਣ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਸਿਵਲ ਹਸਪਤਾਲ ਲੁਧਿਆਣਾ, ਸਰਕਾਰੀ ਹਸਪਤਾਲ ਜਗਰਾਉਂ, ਖੰਨਾ, ਸਮਰਾਲਾ, ਰਾਏਕੋਟ, ਸੁਧਾਰ, ਮਲੌਦ, ਮਛੀਵਾੜਾ, ਸਿੱਧਵਾਂ ਬੇਟ, ਮਾਨੂੰਪੁਰ, ਹਠੂਰ, ਪਾਇਲ, ਪੱਖੋਵਾਲ, ਕੂਮ ਕਲਾਂ, ਸਾਹਨੇਵਾਲ, ਡੇਹਲੋਂ, ਯੂ.ਸੀ.ਐਚ.ਸੀਜ ਸੁਭਾਸ਼ ਨਗਰ, ਜਵੱਦੀ, ਸ਼ਿਮਲਾਪੁਰੀ, ਸਿਵਲ ਸਰਜਨ ਦਫਤਰ ਕੰਪਲੈਕਸ, ਵਰਧਮਾਨ ਐਮ.ਸੀ.ਐਚ. ਸੈਂਟਰ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਐਸ.ਪੀ.ਐਸ. ਹਸਪਤਾਲ, ਮੋਹਨ ਦੇਈ ਓਸਵਾਲ ਹਸਪਤਾਲ, ਫੋਰਟਿਸ ਹਸਪਤਾਲ, ਦੀਪ ਹਸਪਤਾਲ ਅਤੇ ਸ਼੍ਰੀ ਰਘੁਨਾਥ ਹਸਪਤਾਲ ਸ਼ਾਮਲ ਹਨ। ਉਨ੍ਹਾਂ ਸਾਰੇ ਨਿੱਜੀ ਹਸਪਤਾਲਾਂ ਨੂੰ ਅੱਗੇ ਆ ਕੇ ਟੀਕਾਕਰਨ ਸ਼ੁਰੂ ਕਰਨ ਦੀ ਅਪੀਲ ਕੀਤੀ ਤਾਂ ਜੋ ਅਸੀਂ ਕੋਵੀਡ-19 ਨੂੰ ਆਪਣੇ ਸਮਾਜ ਵਿਚੋਂ ਖਤਮ ਕਰ ਸਕੀਏ। ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲਾਂ ਨੂੰ ਟੀਕੇ ਮੁਹੱਈਆ ਕਰਵਾਏ ਜਾਣਗੇ ਅਤੇ ਪ੍ਰਤੀ ਵਿਅਕਤੀ ਖੁਰਾਕ ਲਈ 250 ਰੁਪਏ ਦੀ ਲਾਗਤ ਆਉਂਦੀ ਹੈ, ਜੇਕਰ ਕੋਈ ਲਾਭਪਾਤਰੀ ਕਿਸੇ ਨਿੱਜੀ ਹਸਪਤਾਲ ਵਿਚ ਟੀਕਾ ਲਗਵਾਉਂਦਾ ਹੈ ਤਾਂ ਉਸਨੂੰ 28 ਦਿਨਾਂ ਬਾਅਦ ਦੂਜੀ ਖੁਰਾਕ ਲਈ ਦੁਬਾਰਾ ਭੁਗਤਾਨ ਕਰਨਾ ਪਵੇਗਾ। ਸਰਕਾਰੀ ਹਸਪਤਾਲਾਂ ਵਿੱਚ, ਟੀਕਾਕਰਣ ਪੂਰੀ ਤਰ੍ਹਾਂ ਮੁਫਤ ਹੋਵੇਗਾ।

About Author

Leave A Reply

WP2Social Auto Publish Powered By : XYZScripts.com