
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਅੱਜ 14ਵੇਂ ਪੜਾਅ ਦੀ ਕਣਕ ਵੰਡ ਦਾ ਆਗਾਜ਼ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਤਰਫੋਂ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਲੁਧਿਆਣਾ ਸ਼ਹਿਰ ਦੇ ਸੁਨੇਤ ਇਲਾਕੇ ਤੋਂ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਮਮਤਾ ਆਸ਼ੂ ਤੋਂ ਇਲਾਵਾ ਡੀ.ਐਫ.ਐਸ.ਸੀ. ਲੁਧਿਆਣਾ(ਪੂਰਬੀ) ਸ੍ਰੀਮਤੀ ਹਰਵੀਨ ਕੌਰ, ਸ੍ਰੀ ਜਸਵਿੰਦਰ ਸਿੰਘ ਸ.ਖ.ਸ.ਅ. ਅਤੇ ਨਿਰੀਖਕ ਸ੍ਰੀ ਰਾਹੁਲ ਕੌਸ਼ਲ ਤੋਂ ਇਲਾਵਾ ਇਲਾਕੇ ਦੇ ਕੌਂਸਲਰ ਸ.ਹਰੀ ਸਿੰਘ ਬਰਾੜ ਅਤੇ ਕੌਂਸਲਰ ਸ੍ਰੀ ਸੁਨੀਲ ਕਪੂਰ ਵੀ ਮੌਜੂਦ ਸਨ। ਸ੍ਰੀਮਤੀ ਆਸ਼ੂ ਵੱਲੋਂ ਇਲਾਕੇ ਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਮੌਜੂਦਾ ਸਰਕਾਰ ਵੱਲੋਂ ਕਣਕ ਦੀ ਵੰਡ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਗਈ ਹੈ ਅਤੇ ਲਾਭਪਾਤਰੀ ਆਪਣੇ ਬਣਦੇ ਕੋਟੇ ਦੀ ਕਣਕ ਈ-ਪੋਜ਼ ਮਸ਼ੀਨਾਂ ਰਾਹੀਂ ਆਪਣੇ ਬਾਓਮੈਟਰਿਕ ਦਰਜ਼ ਕਰਵਾਉਂਦੇ ਹੋਏ ਆਪਣੀ ਪਰਚੀ ਅਨੁਸਾਰ ਬਣਦੀ ਕਣਕ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਕਣਕ ਦੀ ਵੰਡ ਸਮੇਂ ਆਪਸੀ ਵਿੱਥ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਜ਼ਿਕਰਯੋਗ ਹੈ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਪੰਜਾਬ ਦੇ ਲਗਭਗ 38 ਲੱਖ ਪਰਿਵਾਰ ਅਤੇ ਉਨ੍ਹਾਂ ਦੇ ਲਗਭਗ 1.45 ਕਰੋੜ ਜੀਅ ਇਸ ਯੋਜਨਾ ਤਹਿਤ 2 ਰੁਪਏ ਪ੍ਰਤੀ ਕਿਲੋ ਕਣਕ ਪ੍ਰਾਪਤ ਕਰ ਰਹੇ ਹਨ। ਜ਼ਿਲ੍ਹਾ ਲੁਧਿਆਣਾ ਵਿਖੇ ਲਗਭਗ 4.45 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਕਣਕ ਦੀ ਵੰਡ ਕੀਤੀ ਜਾ ਰਹੀ ਹੈ। ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਯੋਗ ਲਾਭਪਾਤਰੀ ਪਰਿਵਾਰਾਂ ਨੂੰ ਕਣਕ ਦੀ ਵੰਡ ਵਿਭਾਗ ਵੱਲੋਂ ਈ-ਪੋਜ਼ ਮਸ਼ੀਨਾਂ ਰਾਹੀਂ ਪੂਰੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਲਾਭਪਾਤਰੀ ਪਰਿਵਾਰਾਂ ਨੂੰ ਇਸ ਸਕੀਮ ਦਾ ਪੂਰਾ ਲਾਭ ਮਿਲ ਸਕੇ।