Saturday, April 26

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ.ਅਮਰ ਸਿੰਘ ਵੱਲੋਂ ਨਵੇਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਚਾਰ-ਦੀਵਾਰੀ ਲਈ ਰੱਖਿਆ ਨੀਂਹ ਪੱਥਰ

  • ਨਵਾਂ ਹਵਾਈ ਅੱਡਾ ਹਲਵਾਰਾ ਅਤੇ ਰਾਏਕੋਟ ਹਲਕੇ ਲਈ ਲੈ ਕੇ ਆਵੇਗਾ ਨਿਵੇਸ਼, ਨੌਕਰੀਆਂ ਤੇ ਵਿਕਾਸ – ਡਾ.ਅਮਰ ਸਿੰਘ

ਲੁਧਿਆਣਾ, (ਸੰਜੇ ਮਿੰਕਾ) – ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ.ਅਮਰ ਸਿੰਘ ਵੱਲੋਂ ਨਵੇਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਪਹੁੰਚ ਮਾਰਗ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਤੋਂ ਇਕ ਹਫਤੇ ਬਾਅਦ ਹੀ ਅੱਜ ਹਵਾਈ ਅੱਡੇ ਦੀ ਚਾਰ-ਦੀਵਾਰੀ ਲਈ ਨੀਂਹ ਪੱਥਰ ਰੱਖਿਆ ਗਿਆ।
ਡਾ: ਅਮਰ ਸਿੰਘ ਦੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਮੁੱਖ ਪ੍ਰਸ਼ਾਸਕ (ਏ.ਸੀ.ਏ) ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਸ.ਭੁਪਿੰਦਰ ਸਿੰਘ, ਏਅਰਪੋਰਟ ਡਾਇਰੈਕਟਰ ਐਸ.ਕੇ. ਸਰਾਂ ਅਤੇ ਕਾਂਗਰਸੀ ਆਗੂ ਸ.ਕਾਮਲ ਸਿੰਘ ਬੋਪਾਰਾਏ ਵੀ ਸ਼ਾਮਲ ਸਨ।
ਡਾ: ਅਮਰ ਸਿੰਘ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਇਸ ਪ੍ਰਾਜੈਕਟ ਲਈ ਨਿੱਜੀ ਤੌਰ ‘ਤੇ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਤਾਂ ਜੋ ਹਲਵਾਰਾ ਹਵਾਈ ਅੱਡੇ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਹੋ ਸਕੇ। ਉਨ੍ਹਾਂ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਰੁਝੇਵਿਆਂ ਦੇ ਬਾਵਜੂਦ ਵੀ ਇਸ ਪ੍ਰਾਜੈਕਟ ਲਈ ਦਿਨ ਰਾਤ ਕੰਮ ਕਰਨ ਲਈ ਸ਼ਲਾਘਾ ਕੀਤੀ।
ਡਾ: ਅਮਰ ਸਿੰਘ ਨੇ ਕਿਹਾ ਕਿ ਇਹ ਨਵਾਂ ਹਵਾਈ ਅੱਡਾ ਹਲਵਾਰਾ ਅਤੇ ਰਾਏਕੋਟ ਹਲਕੇ ਲਈ ਨਿਵੇਸ਼, ਨੌਕਰੀਆਂ ਅਤੇ ਵਿਕਾਸ ਲੈ ਕੇ ਆਵੇਗਾ।
ਉਨ੍ਹਾਂ ਕਿਹਾ ਕਿ ਪਹੁੰਚ ਮਾਰਗ ਅਤੇ ਚਾਰ-ਦੀਵਾਰੀ ਨਵੇਂ ਹਵਾਈ ਅੱਡੇ ਦਾ ਪਹਿਲਾ ਪੜਾਅ ਹੈ, ਕਿਉਂਕਿ ਨਵੇਂ ਟਰਮੀਨਲ ਦੀ ਇਮਾਰਤ ਦਾ ਕੰਮ ਸ਼ੁਰੂ ਕਰਨ ਲਈ ਪਹੁੰਚ ਮਾਰਗ ਅਤੇ ਚਾਰ-ਦੀਵਾਰੀ ਮਹੱਤਵਪੂਰਨ ਜ਼ਰੂਰਤਾਂ ਸਨ।
ਉਨ੍ਹਾਂ ਕਿਹਾ ਕਿ ਇਹ ਚਾਰ-ਦਿਵਾਰੀ, ਜੋ ਕਿ 2340 ਮੀਟਰ ਲੰਬੀ ਹੋਵੇਗੀ ਨੂੰ 3.01 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਅਤੇ ਇਸ ਹੱਦਬੰਦੀ ਦੀ ਉਸਾਰੀ ਛੇ ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਹਵਾਈ ਅੱਡੇ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਜਿਵੇਂ ਹੀ ਪਹੁੰਚ ਮਾਰਗ, ਚਾਰ-ਦਿਵਾਰੀ ਅਤੇ ਅੰਤਰਿਮ ਟਰਮੀਨਲ ਦੀ ਇਮਾਰਤ ਸਮੇਤ ਲੋੜੀਂਦੇ ਬੁਨਿਆਦੀ ਢਾਂਚੇ ਤਿਆਰ ਹੋ ਜਾਂਦੇ ਹਨ, ਸਰਕਾਰ ਜਲਦ ਹੀ ਉਡਾਣਾਂ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਕਾਂਗਰਸੀ ਆਗੂ ਸ.ਕਾਮਿਲ ਬੋਪਾਰਾਏ ਨੇ ਕਿਹਾ ਕਿ ਹਵਾਈ ਅੱਡੇ ਦੀ ਸਥਾਪਨਾ ਜ਼ਿਲ੍ਹੇ ਵਿੱਚ ਨਵੇਂ ਉਦਯੋਗਾਂ ਨੂੰ ਆਕਰਸ਼ਤ ਕਰੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਸ੍ਰੀਮਤੀ ਨੀਰੂ ਕਤਿਆਲ, ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਰਾਏਕੋਟ ਡਾ: ਹਿਮਾਂਸ਼ੂ ਗੁਪਤਾ, ਐਕਸੀਅਨ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਸ੍ਰੀ ਰਾਕੇਸ਼ ਗਰਗ ਅਤੇ ਐਸ.ਡੀ.ਓ ਪੀ.ਡਬਲਯੂ.ਡੀ. ਸ.ਇੰਦਰਪਾਲ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।  

About Author

Leave A Reply

WP2Social Auto Publish Powered By : XYZScripts.com