
- ਸਮਾਗਮ ਦਾ ਮੁੱਖ ਉਦੇਸ਼ ਜਾਗਰੂਕਤਾ ਪੈਦਾ ਕਰਨ ‘ਚ ਵਸਨੀਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ – ਮੇਅਰ ਬਲਕਾਰ ਸਿੰਘ ਸੰਧੂ
ਲੁਧਿਆਣਾ, (ਸੰਜੇ ਮਿੰਕਾ) – ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਕਰਨਾ ਅਤੇ ਇਸਦਾ ਪ੍ਰਬੰਧਨ ਲੁਧਿਆਣਾ ਅਤੇ ਪੰਜਾਬ ਸੂਬੇ ਲਈ ਅਹਿਮ ਮੁੱਦਾ ਹੈ। ਕੂੜੇ-ਕਰਕਟ ਪ੍ਰਬੰਧਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ ਵੇਸਟ ਕੰਪੈਕਟਰਜ਼ ਲਗਾ ਰਹੀ ਹੈ। ਨਗਰ ਸੁਧਾਰ ਟਰੱਸਟ(ਐਲ.ਆਈ.ਟੀ.) ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਪੋਰਟੇਬਲ ਕੰਪੈਕਟਰ ਸਥਾਪਤ ਕਰ ਰਹੀ ਹੈ, ਜਿਨ੍ਹਾਂ ਵਿਚ ਸਰਾਭਾ ਨਗਰ, ਰਿਸ਼ੀ ਨਗਰ, ਕਿਚੱਲੂ ਨਗਰ, ਬੀ.ਆਰ.ਐਸ. ਨਗਰ ਅਤੇ ਨੇੜੇ ਕੋਚਰ ਮਾਰਕੀਟ ਇਲਾਕੇ ਸ਼ਾਮਲ ਹਨ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਰਹਿਨੁਮਾਈ ਹੇਠ ਅੱਜ ਸਰਾਭਾ ਨਗਰ ਲੁਧਿਅਣਾ ਸਥਿਤ ਪੋਰਟੇਬਲ ਵੇਸਟ ਕੰਪੈਕਟਟਰ ਟ੍ਰਾਂਸਫਰ ਸਟੇਸ਼ਨ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਮੌਕੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸ੍ਰੀ ਸੰਨੀ ਭੱਲਾ, ਸ੍ਰੀ ਨਰਿੰਦਰ ਸ਼ਰਮਾ, ਸ੍ਰੀ ਜੈ ਪ੍ਰਕਾਸ਼, ਸ੍ਰੀਮਤੀ ਅਮ੍ਰਿਤ ਵਰਸ਼ਾ ਰਾਮਪਾਲ, ਸ੍ਰੀਮਤੀ ਸੀਮਾ ਕਪੂਰ, ਸ੍ਰੀ ਪੰਕਜ ਸ਼ਰਮਾ ਕਾਕਾ, ਸ੍ਰ. ਹਰੀ ਸਿੰਘ ਬਰਾੜ, ਸ੍ਰੀਮਤੀ ਰਾਸ਼ੀ ਹੇਮਰਾਜ ਅਗਰਵਾਲ, ਸ੍ਰ.ਬਲਜਿੰਦਰ ਸਿੰਘ ਬੰਟੀ, ਸ੍ਰੀ ਦਿਲਰਾਜ ਸਿੰਘ, ਸਾਬਕਾ ਕੌਂਸਲਰ ਸ੍ਰੀ ਹੇਮਰਾਜ ਅਗਰਵਾਲ, ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਜ਼ੋਨਲ ਕਮਿਸ਼ਨਰ ਜ਼ੋਨ-ਸੀ ਸ੍ਰੀ ਨੀਰਜ ਜੈਨ, ਸੀਨੀਅਰ ਕਾਂਗਰਸੀ ਆਗੂ ਸ੍ਰੀ ਸੁਨੀਲ ਕਪੂਰ ਅਤੇ ਕੁਝ ਸਮਾਜਿਕ ਸ਼ਖਸੀਅਤਾਂ ਸਮੇਤ ਡਾ. ਸਤਭੂਸ਼ਣ ਪਾਂਧੀ, ਸ੍ਰੀ ਨਰਿੰਦਰ ਸਿੰਘ ਮੈਸਨ, ਨੰਦਿਨੀ ਗੁਪਤਾ, ਮਨੀਸ਼ਾ ਕਪੂਰ ਅਤੇ ਬਾਲ ਕਲਾਕਾਰ ਧੈਰਿਆ ਟੰਡਨ ਵੀ ਮੌਜੂਦ ਸਨ। ਸ੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਲੁਧਿਆਣਾ ਦੇ ਨਾਮਵਰ ਬਲੌਗਰਜ਼ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਵੀ ਸਟੇਸ਼ਨ ਦਾ ਦੌਰਾ ਕੀਤਾ ਅਤੇ ਵਸਨੀਕਾਂ ਨੂੰ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ, ਸਾਰੇ ਭਾਗੀਦਾਰਾਂ ਵੱਲੋਂ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਕਰ ਕੇ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਪਾਉਣ ਦਾ ਪ੍ਰਣ ਲਿਆ। ਇਹ ਸਮਾਗਮ ਬੇਹੱਦ ਸਫਲ ਰਿਹਾ ਅਤੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ।