- ਮੁਲਜ਼ਮਾਂ ਵੱਲੋਂ ਬਿਨ੍ਹਾਂ ਮਾਲ ਖਰੀਦੇ ਜਾਅਲੀ ਚਾਲਾਨਾਂ/ਗੈਰ-ਮੌਜੂਦ ਫਰਮਾਂ ਦੇ ਨਾਂ ‘ਤੇ ਆਈ.ਟੀ.ਸੀ. ਕੀਤਾ ਕਲੇਮ
ਲੁਧਿਆਣਾ,(ਸੰਜੇ ਮਿੰਕਾ) – ਪੰਜਾਬ ਸਟੇਟ ਜੀ.ਐਸ.ਟੀ, ਲੁਧਿਆਣਾ ਦੀ ਸਪੈਸ਼ਨ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀਆਂ ਵੱਲੋਂ ਅੱਜ 3 ਵਿਅਕਤੀਆਂ ਨੂੰ ਲੁਧਿਆਣਾ ਵਿੱਚ ਸਥਿਤ ਜਾਅਲੀ/ਗੈਰ-ਮੌਜੂਦ ਫਰਮਾਂ ਦੇ ਮਾਲਕ ਵਜੋਂ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵੱਲੋਂ ਮਾਲ (ਰੇਡੀਮੇਡ ਕਪੜੇ) ਦੀ ਅਸਲ ਖਰੀਦ ਤੋਂ ਬਿਨ੍ਹਾਂ ਜਾਅਲੀ ਚਲਾਨਾਂ ਰਾਹੀਂ ਆਈ.ਟੀ.ਸੀ. ਦਾ ਦਾਅਵਾ ਕੀਤਾ ਸੀ। ਡਿਪਟੀ ਕਮਿਸ਼ਨਰ (ਸਟੇਟ ਜੀ.ਐੱਸ.ਟੀ.) ਲੁਧਿਆਣਾ ਸ੍ਰ. ਤੇਜਬੀਰ ਸਿੰਘ ਸਿੱਧੂ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਮੁਲਜ਼ਮਾਂ ਦੇ ਕਾਰੋਬਾਰੀ ਥਾਂਵਾਂ ਸਮੇਤ ਚਾਰ ਥਾਵਾਂ ‘ਤੇ ਤਲਾਸ਼ੀ ਅਭਿਆਨ ਚਲਾਏ ਗਏ ਤਾਂ ਜੋ ਸਬੂਤ ਇਕੱਠੇ ਕੀਤੇ ਜਾ ਸਕਣ, ਜਿਸ ਵਿਚ ਮਾਲ ਦੀ ਅਸਲ ਪ੍ਰਾਪਤੀ ਤੋਂ ਬਿਨਾਂ ਜਾਅਲੀ ਚਲਾਨ ਕਿਵੇਂ ਤਿਆਰ ਕੀਤੇ ਜਾ ਰਹੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਦੋਸ਼ੀਆਂ ਵੱਲੋਂ ਵੱਖ-ਵੱਖ 5 ਰਾਜਾਂ ਦੇੇ ਰੋਜ਼ਾਨਾ ਦਿਹਾੜੀਦਾਰਾਂ, ਆਟੋ-ਰਿਕਸ਼ਾ ਚਾਲਕਾਂ ਆਦਿ ਦੇ ਨਾਮ ਨਾਲ ਜਾਅਲੀ ਆਈ.ਡੀਜ਼ ਦਾ ਇੱਕ ਨੈੱਟਵਰਕ ਬਣਾਇਆ ਗਿਆ ਸੀ ਤਾਂ ਜੋ ਜਾਅਲੀ ਆਈ.ਟੀ.ਸੀ. ਪਾਸ ਹੋ ਸਕੇ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਨਿਰਯਾਤ ਦੇ ਉਦੇਸ਼ ਲਈ ਨਕਲੀ ਚਲਾਨਾਂ ਰਾਹੀਂ ਤਿਆਰ ਕੀਤੀ ਜਾਅਲੀ ਆਈ.ਟੀ.ਸੀ. ਦੀ ਵਰਤੋਂ ਕੀਤੀ ਜੋ ਕਿ ਆਈ.ਜੀ.ਐਸ.ਟੀ. ਭੁਗਤਾਨ ਕੀਤੇ ਗਏ ਹਨ ਅਤੇ ਇਸ ਤੋਂ ਬਾਅਦ ਕਸਟਮ ਅਥਾਰਟੀਆਂ ਦੁਆਰਾ ਰਿਫੰਡ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਰ-ਮੌਜੂਦ ਕੰਪਨੀਆਂ ਦੇ 350 ਕਰੋੜ ਰੁਪਏ ਤੋਂ ਵੱਧ ਦੇ ਜਾਅਲੀ ਚਲਾਨ ਤਿਆਰ ਕੀਤੇ ਗਏ ਹਨ ਜਿਸ ਦੇ ਨਤੀਜੇ ਵਜੋਂ 30 ਕਰੋੜ ਰੁਪਏ ਤੋਂ ਵੱਧ ਦੀ ਗਲਤ ਤਰੀਕੇ ਨਾਲ ਆਈ.ਟੀ.ਸੀ. ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 3 ਦੋਸ਼ੀਆਂ ਵੱਲੋਂ 23 ਕਰੋੜ ਰੁਪਏ ਫਰਜ਼ੀ ਆਈ.ਟੀ.ਸੀ. ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜੀ.ਐਸ.ਟੀ. ਕਾਨੂੰਨਾਂ ਦੀਆਂ ਧਾਰਾਵਾਂ ਤਹਿਤ ਅੱਜ 10 ਨਵੰਬਰ, 2020 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੋਰ ਲਾਭਪਾਤਰੀਆਂ ਖ਼ਿਲਾਫ਼ ਵੀ ਕਾਰਵਾਈ ਆਰੰਭੀ ਜਾ ਰਹੀ ਹੈ। ਅਗਲੇਰੀ ਜਾਂਚ ਜਾਰੀ ਹੈ।