- ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਲਗਾਉਂਦਾ ਹੈ ਤਾਂ ਜੋ ਘੱਟ ਹੋਵੇ ਪਰਾਲੀ
- 3 ਸਾਲਾਂ ਤੋਂ ਝੋਨੇ ਅਤੇ ਕਣਕ ਦੀ ਨਾੜ ਨੂੰ ਨਹੀ ਲਗਾਈ ਅੱਗ
ਲੁਧਿਆਣਾ, (ਸੰਜੇ ਮਿੰਕਾ) – ਅਮਰਿੰਦਰ ਸਿੰਘ ਪਿੰਡ ਧਾਲੀਆਂ, ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਨਾਲ ਸਬੰਧਤ ਮਿਹਨਤੀ ਅਤੇ ਉਦਮੀ ਕਿਸਾਨ ਹੈ। ਇਹ ਕਿਸਾਨ ਲੱਗਭਗ 35 ਏਕੜ ਉੱਪਰ ਝਨੇ ਅਤੇ ਕਣਕ ਦੀ ਕਾਸ਼ਤ ਕਰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਤਕਨੀਕਾਂ ਨੂੰ ਸਿੱਖਣ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਖੋਵਾਲ ਦੀ ਸਹਾਇਤਾ ਨਾਲ ਇਹਨਾਂ ਤਕਨੀਕਾਂ ਨੂੰ ਅਪਣਾਉਣ ਵਿੱਚ ਕਿਸਾਨ ਨੇ ਕਾਫੀ ਉਤਸ਼ਾਹ ਦਿਖਾਇਆ ਹੈ। ਇਸ ਕਿਸਾਨ ਨੇ ਪਿਛਲੇ 3 ਸਾਲਾਂ ਤੋਂ ਝਨੇ ਅਤੇ ਕਣਕ ਦੀ ਨਾੜ ਨੂੰ ਅੱਗ ਨਹੀਂ ਲਗਾਈ। ਕਿਸਾਨ ਅਮਰਿੰਦਰ ਸਿੰਘ ਨੇ ਝੋਨੇ ਦੀ ਮੈਟਟਾਈਪ ਨਰਸਰੀ ਪੈਦਾ ਕਰਨ ਵਿੱਚ ਕਾਫੀ ਮਹਾਰਤ ਹਾਸਲ ਕੀਤੀ ਹੈ ਅਤੇ ਉਹ ਪਿਛਲੇ 3-4 ਚਾਰ ਸਾਲਾਂ ਤੋਂ ਝੋਨੇ ਦੀ ਲਵਾਈ ਪੈਡੀ ਟਰਾਂਸਪਲਾਂਟਰ ਨਾਲ ਕਰਦਾ ਹੈ। ਕਿਸਾਨ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਤੇ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਲਗਾਉਂਦਾ ਹੈ ਤਾਂ ਜੋ ਪਰਾਲੀ ਘੱਟ ਹੋਵੇ। ਉਸ ਤੋਂ ਬਾਅਦ ਕਿਸਾਨ ਝੋਨੇ ਦੀ ਕਟਾਈ ਸੂਪਰ ਐੱਸ.ਐੱਮ.ਐੱਸ. ਲੱਗੇ ਕੰਬਾਈਨ ਹਾਰਵੈਸਟਰ ਨਾਲ ਕਰਕੇ 35 ਏਕੜ ਤੇ ਹੈਪੀ ਸੀਡਰ ਨਾਲ ਬਿਜਾਈ ਕਰਦਾ ਹੈ। ਇਸ ਸਾਲ ਵੀ ਕਿਸਾਨ ਨੇ ਲਗਭਗ 12 ਏਕੜ ਸੁਪਰ ਸੀਡਰ ਨਾਲ ਅਤੇ 23 ਏਕੜ ਹੈਪੀ ਸੀਡਰ ਨਾਲ ਬਿਜਾਈ ਕੀਤੀ ਹੈ। ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਹਰੀ ਖਾਦ, ਰੂੜੀ ਖਾਦ ਆਦਿ ਦੀ ਵੱਧ ਤੋਂ ਵੱਧ ਵਰਤੋਂ ਅਤੇ ਰਸਾਇਣਿਕ ਖਾਦਾਂ ਦੀ ਬਹੁਤ ਹੀ ਘੱਟ ਵਰਤੋਂ ਕਰਦਾ ਹੈ। ਵਾਤਾਵਰਣ ਪੱਖੀ ਕਿਸਾਨ ਨੇ ਦੱਸਿਆ ਕਿ ਉਸਦੀ ਜਮੀਨ ਵਿੱਚ ਜੈਵਿਕ ਮਾਦਾ ਵਧਣ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਵਧੀ ਹੈ, ਸੂਖਮ ਜੀਵਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ ਅਤੇ ਬਾਕੀ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘਟੀ ਹੈ। ਉਸਨੇ ਅੱਗੇ ਦੱਸਿਆ ਕਿ ਹੈਪੀ ਸੀਡਰ ਦੀ ਵਰਤੋਂ ਕਰਨ ਨਾਲ ਪਾਣੀ ਦੀ ਬੱਚਤ, ਨਦੀਨਾਂ ਦੀ ਸਮੱਸਿਆ ਘੱਟ, ਬਿਜਾਈ ਲਈ ਸਮਾਂ ਘੱਟ ਅਤੇ ਪਰਾਲੀ ਸੰਭਾਲਣ ਦੇ ਲਈ ਵੱਧ ਸਮਾਂ ਮਿਲਣ ਦੇ ਨਾਲ ਕਾਸ਼ਤਕਾਰੀ ਖਰਚੇ ਵੀ ਘਟੇ ਹਨ। ਕਿਸਾਨ ਅਮਰਿੰਦਰ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਨੂੰ ਫਸਲੀ ਵਿਗਿਆਨਿਕ ਤਕਨੀਕਾਂ ਅਪਣਾ ਕੇ, ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਸਾਫ ਰੱਖਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬਲਾਕ ਪੱਖੋਵਾਲ ਦੇ ਖੇਤੀਬਾੜੀ ਅਫ਼ਸਰ ਸ੍ਰ.ਪ੍ਰਕਾਸ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਕੋਵਿਡ-19 ਮਹਾਂਮਾਰੀ ਦਾ ਪ੍ਰਭਾਵ ਚਲ ਰਿਹਾ ਹੈ, ਹਰ ਕਿਸਾਨ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਕਰਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣੀ ਨੈਤਿਕ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਅਮਰਿੰਦਰ ਸਿੰਘ ਆਪਣੀ ਮਸ਼ੀਨਰੀ ਦੀ ਵਰਤੋਂ ਆਪਣੇ ਖੇਤਾਂ ਤੋਂ ਇਲਾਵਾ ਸਾਥੀ ਕਿਸਾਨਾ ਨੂੰ ਵੀ ਵਾਜਿਬ ਕਿਰਾਏ ‘ਤੇ ਦੇ ਕੇ ਉਨ੍ਹਾਂ ਦੀ ਮੱਦਦ ਕਰਦਾ ਹੈ। ਇਹ ਕਿਸਾਨ ਵਾਤਾਵਰਣ ਪੱਖੀ ਹੈ ਅਤੇ ਬਾਕੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਇਲਾਕੇ ਦੇ ਕਿਸਾਨਾਂ ਲਈ ਮਾਰਗਦਰਸ਼ਕ ਵੀ ਹੈ।