- ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ
- ਸ਼ਹਿਰ ਵਾਸੀਆਂ ਨੂੰ ਭੀਖ ਨਾ ਦੇਣ ਦੀ ਕੀਤੀ ਅਪੀਲ
ਲੁਧਿਆਣਾ, (ਸੰਜੇ ਮਿੰਕਾ) – ਲੁਧਿਆਣਾ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ 11 ਨਵੰਬਰ, 2020 ਤੋਂ ਸ਼ਹਿਰ ਵਿਚ ਂਭਿਖਾਰੀ ਮੁਕਤ ਲੁਧਿਆਣਾਂ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਮੰਤਵ ਲਈ ਡੀ.ਸੀ.ਪੀ. (ਲਾਅ ਐਂਡ ਆਰਡਰ) ਸ੍ਰੀ ਅਸ਼ਵਨੀ ਕਪੂਰ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ।
ਇਸ ਸਬੰਧ ਵਿਚ ਇਕ ਮੀਟਿੰਗ ਸਥਾਨਕ ਬਚਤ ਭਵਨ ਵਿਖੇ ਹੋਈ, ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਰੇ ਭਿਖਾਰੀਆਂ ਨੂੰ 15 ਦਿਨਾਂ ਦਾ ਨੋਟਿਸ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਅਤੇ ਜੇਕਰ 11 ਨਵੰਬਰ, 2020 ਤੋਂ, ਉਹ ਲੁਧਿਆਣਾ ਸ਼ਹਿਰ ਦੀਆਂ ਸੜਕਾਂ ‘ਤੇ ਭੀਖ ਮੰਗਦੇ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 40 ਥਾਂਵਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਵੱਡੀ ਗਿਣਤੀ ਵਿਚ ਭਿਖਾਰੀ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਭੀਖ ਮੰਗਣ ਵਿੱਚ ਸ਼ਾਮਲ ਬੱਚਿਆਂ ਨੂੰ ਬਚਾਉਣਗੀਆਂ ਅਤੇ ਉਨ੍ਹਾਂ ਦਾ ਪੁਨਰਵਾਸ ਕਰਨਗੀਆਂ। ਇਸ ਤੋਂ ਇਲਾਵਾ, ਭੀਖ ਮੰਗਣ ਦੇ ਰੈਕੇਟ ਚਲਾਉਣ ਵਾਲਿਆਂ ਨੂੰ ਜੇਲ ਭੇਜਿਆ ਜਾਵੇਗਾ।
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਭਿਖਾਰੀਆਂ ਨੂੰ ਕੁਝ ਵੀ ਨਾ ਦੇਣ ਅਤੇ ਇਸ ਲਈ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 11 ਨਵੰਬਰ ਤੋਂ ਬੱਚਿਆਂ, ਟਰਾਂਸਜੈਂਡਰਾਂ, ਬਾਲਗਾਂ ਆਦਿ ਨੂੰ ਲੁਧਿਆਣਾ ਦੀਆਂ ਸੜਕਾਂ ਤੇ ਭੀਖ ਮੰਗਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਸ਼ਹਿਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਦ੍ਰਿੜ ਹੈ।
ਇਕ ਵਟਸਐਪ ਨੰਬਰ (9115601159) ਵੀ ਜਾਰੀ ਕੀਤਾ ਗਿਆ ਹੈ, ਜਿੱਥੇ ਵਸਨੀਕ ਭਿਖਾਰੀਆਂ ਦੀ ਜਾਣਕਾਰੀ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਪੁਲਿਸ ਕਮਿਸ਼ਨਰ ਨੇ ਵਸਨੀਕਾਂ ਨੂੰ ਇਸ ਮੁਹਿੰਮ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭੀਖ ਮੰਗਣ ਵਾਲਿਆਂ ਨੂੰ ਭੀਖ ਜਾਂ ਭੋਜਨ ਦੇਣ ਤੋਂ ਪ੍ਰਹੇਜ਼ ਕੀਤਾ ਜਾਵੇ।
ਯੋਜਨਾ ਬਾਰੇ ਵੇਰਵੇ ਦਿੰਦੇ ਹੋਏ ਸ੍ਰੀ ਅਗਰਵਾਲ ਨੇ ਕਿਹਾ, ਅਸੀਂ ਸਮੱਸਿਆ ਨੂੰ ਰੋਕਣ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ। ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਸ਼ਹਿਰ ਵਿੱਚ ਰਹਿੰਦੇ ਭਿਖਾਰੀਆਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ਉੱਤੇ ਵਾਪਸ ਭੇਜ ਦਿੱਤਾ ਜਾਵੇਗਾ, ਅਪਾਹਜ ਵਿਅਕਤੀਆਂ ਨੂੰ ਆਸਰਾ ਘਰ ਭੇਜ ਦਿੱਤਾ ਜਾਵੇਗਾ, ਬਾਲ ਭਿਖਾਰੀਆਂ ਨੂੰ ਬਾਲ ਆਸਰਾ ਘਰ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਜੋ ਦੂਜੇ ਤੰਦਰੁਸਤ ਹਨ ਉਨ੍ਹਾਂ ਨੂੰ ਕਿਤੇ ਕੰਮ ਕਰਕੇ ਆਪਣਾ ਗੁਜ਼ਾਰਾ ਤੋਰਨ ਲਈ ਕਿਹਾ ਜਾਵੇਗਾ।
ਇਸ ਮੌਕੇ ਹਾਜ਼ਰ ਪ੍ਰਮੁੱਖ ਲੋਕਾਂ ਵਿੱਚ ਸਿਵਲ ਸਰਜਨ ਡਾ: ਰਾਜੇਸ਼ ਕੁਮਾਰ ਬੱਗਾ, ਡੀ.ਸੀ.ਪੀ. ਟ੍ਰੈਫਿਕ ਸ੍ਰੀ ਸੁਖਪਾਲ ਸਿੰਘ ਬਰਾੜ, ਏ.ਡੀ.ਸੀ.ਪੀ. ਰੁਪਿੰਦਰ ਕੌਰ ਸਰਾਂ, ਏ.ਸੀ.ਪੀ. ਕਮਾਂਡ ਸੈਂਟਰ ਸ੍ਰੀ ਨਵੀਨ ਕੁਮਾਰ, ਏ.ਸੀ.ਪੀ. ਟ੍ਰੈਫਿਕ ਸ੍ਰ. ਗੁਰਦੇਵ ਸਿੰਘ ਤੋਂ ਇਲਾਵਾ ਕਈ ਹੋਰ ਸ਼ਾਮਲ ਸਨ।।