- ਵਾਤਵਰਨ ਪ੍ਰੇਮੀ ਕਿਸਾਨ ਹੋਰਨਾਂ ਕਿਸਾਨਾਂ ਲਈ ਬਣਿਆ ਪ੍ਰੇਰਨਾਦਾਇਕ
- ਸਾਲ 2015 ਤੋਂ ਬਾਅਦ ਫਸਲਾਂ ਦੀ ਨਾੜ ਨੂੰ ਅੱਗ ਨਹੀਂ ਲਗਾਈ
ਲੁਧਿਆਣਾ, (ਸੰਜੇ ਮਿੰਕਾ) – ਹਰਪ੍ਰੀਤ ਸਿੰਘ ਪਿੰਡ ਹਲਵਾਰਾ ਬਲਾਕ ਸੁਧਾਰ ਦਾ ਅਗਾਂਹਵਧੂ ਕਿਸਾਨ ਹੈ। 12ਵੀਂ ਪਾਸ ਕਿਸਾਨ ਆਪਣੀ 12 ਏਕੜ ਜੱਦੀ ਪੁਸ਼ਤੀ ਅਤੇ 90 ਏਕੜ ਠੇਕੇ ਦੀ ਜ਼ਮੀਨ ਉੱਪਰ ਫਸਲੀ ਵਿਭਿੰਨਤਾ ਤਹਿਤ ਝੋਨਾ ਕਣਕ ਦੇ ਨਾਲ ਆਲੂ, ਮੱਕੀ ਅਤੇ ਮੂੰਗੀ ਦੀ ਫਸਲ ਦੀ ਖੇਤੀ ਕਰਦਾ ਹੈ। ਜਿਆਦਤਾਰ ਕਿਸਾਨਾਂ ਦੀ ਤਰਾਂ ਇਹ ਕਿਸਾਨ ਵੀ ਵਾਤਵਰਨ ਪ੍ਰੇਮੀ ਹੈ ਅਤੇ ਕਿਸਾਨ ਵਲੋਂ ਬਿਹਤਰ ਢੰਗ ਨਾਲ ਪਰਾਲੀ ਪ੍ਰਬੰਧਨ ਕੀਤਾ ਜਾਂਦਾ ਹੈੈ। ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਨੌਜਵਾਨ ਕਿਸਾਨਾਂ ਨਾਲ ਤਾਲਮੇਲ ਕਰਕੇ ਖੇਤੀ ਸਮੱਸਿਆਵਾਂ ਬਾਰੇ ਚਰਚਾ ਦੇ ਨਾਲ-ਨਾਲ ਖੇਤੀ ਦੀ ਕਾਸ਼ਤ ਸਬੰਧੀ ਤਜਰਬੇ ਅਤੇ ਫਾਇਦੇਮੰਦ ਫਸਲੀ ਝਾੜ ਪ੍ਰਾਪਤ ਕਰਨ ਦੇ ਆਪਣੇ ਸੁਝਾਅ ਵੀ ਸਾਂਝੇ ਕਰਦਾ ਹੈ। ਹਰਪ੍ਰੀਤ ਸਿੰਘ ਕਿਸਾਨ ਸਲਾਹਕਾਰ ਕਮੇਟੀ ਬਲਾਕ ਸੁਧਾਰ ਦਾ ਮੈਂਬਰ ਵੀ ਹੈ ਅਤੇ ਆਤਮਾ ਸਕੀਮ ਅਧੀਨ ਦਿੱਤੇ ਜਾਂਦੇ ਫਸਲੀ ਤਜਰਬਿਆਂ ਵਿੱਚ ਵੀ ਦਿਲਚਸਪੀ ਲੈਂਦਾ ਹੈ। ਪ੍ਰੇਰਨਾਦਾਇਕ ਕਿਸਾਨ ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਸ ਵੱਲੋਂ ਸਾਥੀ ਕਿਸਾਨਾਂ ਦੇ ਸਹਿਯੋਗ ਨਾਲ ‘ਮਸ਼ੀਨਰੀ ਗਰੁਪ ਹਲਵਾਰਾ ਕਿਸਾਨ ਕਲੱਬ’ ਬਣਾਇਆ ਗਿਆ ਹੈ ਜੋ ਕਿ ਪਰਾਲੀ ਸਾਂਭ ਸੰਭਾਲ ਲਈ ਲੋੜਵੰਦ ਕਿਸਾਨਾਂ ਨੂੰ ਘੱਟ ਰੇਟ ‘ਤੇ ਮਸ਼ੀਨਰੀ ਮੁਹੱਈਆਂ ਕਰਵਾਉਂਦਾ ਹੈ। ਕਿਸਾਨ ਨੇ ਦੱਸਿਆ ਕਿ ਸਾਲ 2015 ਤੋਂ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਬਿਊਨਲ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੀ ਨਾੜ ਨੂੰ ਅੱਗ ਨਹੀਂ ਲਗਾਈ ਅਤੇ ਝੋਨੇ ਦੀ ਪਰਾਲੀ ਵਿੱਚ ਕਣਕ ਦੀ ਬਿਜਾਈ ਲਈ ਰੋਟਾਵੇਟਰ, ਚੌਪਰ, ਮਲਚਰ ਅਤੇ ਹੈਪੀ ਸੀਡਰ ਅਤੇ ਆਲੂਆਂ ਦੀ ਬਿਜਾਈ ਮਲਚਰ ਅਤੇ ਐਮ.ਬੀ.ਪਲਾਓ ਦੀ ਵਰਤੋਂ ਕਰਕੇ ਕਰਦਾ ਹੈ. ਵਾਤਾਵਰਣ ਪੱਖੀ ਕਿਸਾਨ ਆਪਣੇ ਸਾਥੀ ਨੌਜਵਾਨ ਕਿਸਾਨਾਂ ਨੂੰ ਵੀ ਮਲਚਰ, ਚੌਪਰ, ਰੋਟਾਵੇਟਰ ਅਤੇ ਐਮ.ਬੀ.ਪਲਾਓ ਮਸ਼ੀਨਰੀ ਨਾਲ ਪਰਾਲੀ ਨੂੰ ਖੇਤ ਵਿੱਚ ਵਾਹੁਣ ਲਈ ਪ੍ਰੇਰਿਤ ਕਰਦਾ ਹੈ। ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਘਰ ਦੀ ਬਗੀਚੀ ਦੁਆਰਾ ਆਪਣੇ ਪਰਿਵਾਰ ਲਈ ਸਬਜੀਆਂ ਬਿਨਾਂ ਖਾਦ ਸਪਰੇਅ ਕੀਤੇ ਤਿਆਰ ਕਰਦਾ ਹੈ। ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ।