Thursday, April 24

ਵਾਤਾਵਾਰਣ ਪੱਖੀ ਕਿਸਾਨ ਦਲਜੀਤ ਸਿੰਘ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਹੀਂ ਲਾਉ਼ਂਦਾ ਅੱਗ

ਲੁਧਿਆਣਾ, (ਸੰਜੇ ਮਿੰਕਾ) – ਵਾਤਾਵਰਣ ਪ੍ਰੇਮੀ ਕਿਸਾਨ ਦਲਜੀਤ ਸਿੰਘ ਪਿੰਡ ਭਰੋਵਾਲ ਖੁਰਦ, ਬਲਾਕ ਸਿੱਧਵਾਂ ਬੇਟ, ਜਿਲ੍ਹਾ ਲੁਧਿਆਣਾ ਦੇ ਰਹਿਣ ਵਾਲਾ ਹੈ ਜੋਕਿ 12 ਏਕੜ ਮਾਲਕੀ ਜ਼ਮੀਨ ਅਤੇ 25 ਏਕੜ ਠੇਕੇ ਤੇ (ਕੁੱਲ 37 ਏਕੜ) ਵਿੱਚ ਕਣਕ, ਝੋਨਾ, ਆਲੂ, ਮੱਕੀ ਅਤੇ ਮੂੰਗੀ ਦੀ ਕਾਸ਼ਤ ਕਰਦਾ ਹੈ। ਕਿਸਾਨ ਦਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਸ੍ਰ.ਗੁਰਮੇਲ ਸਿੰਘ ਖੇਤੀਬਾੜੀ ਧੰਦੇ ਨਾਲ ਜੁੜੇ ਹੋਏ ਸਨ ਤੇ ਉਹ ਵੀ ਛੋਟੇ ਹੁੰਦਿਆਂ ਆਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਂਣ ਲੱਗ ਪਿਆ ਸੀ। ਉਸਨੇ ਦੱਸਿਆ ਕਿ ਬਾਰਵੀਂ ਤੱਕ ਵਿੱਦਿਆ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਤੋਂ ਪ੍ਰਾਪਤ ਕੀਤੀ ਹੈ ਅਤੇ ਸੰਨ 1994 ਵਿੱਚ ਪਿਤਾ ਦੀ ਮੌਤ ਤੋਂ ਬਆਦ ਖੇਤੀਬਾੜੀ ਦਾ ਸਾਰਾ ਕੰਮ ਸੰਭਾਲਣਾ ਪਿਆ। ਕਿਸਾਨ ਖੇਤੀਬਾੜੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਵਧੀਆਂ ਕੁਆਲਟੀ ਦੇ ਬੀਜ/ਦਵਾਈਆਂ ਅਤੇ ਲੋੜ ਅਨੁਸਾਰ ਰਸਾਇਣਕ ਖਾਦਾਂ ਦੀ ਵਰਤੋਂ ਕਰਦਾ ਹੈ।
ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਉਸਨੇ ਜਿੱਥੇ ਫਸਲਾਂ ਦੀ ਰਹਿੰਦ ਖੂੰਹਦ, ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਵਾਹ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ, ਉਥੇ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕੀਤੀ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਨ ਦੀ ਲੋੜ ਵੀ ਘੱਟ ਪਈ ਤੇ ਫਸਲ ਦਾ ਝਾੜ ਵੀ ਚੰਗਾ ਆਉਣ ਲੱਗਾ। ਉਸਨੇ ਦੱਸਿਆਕਿ ਪਿਛਲੇ ਚਾਰ ਪੰਜਾ ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਸ਼ੇਰਅਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਭੂੰਦੜੀ ਨਾਲ ਚੰਗਾ ਤਾਲਮੇਲ ਬਣਾਇਆ ਅਤੇ ਉਹਨਾਂ ਦੇ ਕਹਿਣ ਤੇ ਆਪਣੀ ਜ਼ਮੀਨ ਦੀ ਮਿੱਟੀ ਪਰਖ ਕਰਵਾਈ, ਪਰਖ ਰਿਪੋਰਟ ਅਨੁਸਾਰ ਖਾਦਾਂ ਦੀ ਵਰਤੋਂ ਕੀਤੀ ਜਿਸ ਨਾਲ ਜਿੱਥੇ ਖਾਦਾਂ ਦੀ ਵਰਤੋਂ ਘੱਟੀ ਉਥੇ ਫਸਲਾਂ ਵੀ ਬੀਮਾਰੀ ਤੋਂ ਬਚੀਆਂ।
ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੀਆਂ ਕਿਸਮਾਂ ਵੀ ਘੱਟ ਸਮਾਂ ਲੈਣ ਵਾਲੀਆਂ ਆਪਣੇ ਖੇਤਾਂ ਵਿੱਚ ਬੀਜੀਆਂ, ਇਸ ਵਾਰ ਵੀ ਝੋਨਾ ਕਿਸਮ ਪੀ.ਆਰ.126 ਬੀਜੀ ਜੋ ਕਿ ਜੁਲਾਈ ਮਹੀਨੇ ਖੇਤਾਂ ਵਿਚ ਟਰਾਂਸਪਲਾਟਿੰਗ ਕੀਤੀ ਸੀ, ਜਿਸ ਦਾ ਝਾੜ 37 ਕੁਇੰਟਲ ਪ੍ਰਤੀ ਏਕੜ ਆਇਆ ਹੈ। ਉਸਨੇ ਦੱਸਿਆ ਕਿ ਇਸ ਵਾਰ ਮਲਚਰ ਕਰਕੇ, ਫਿਰ ਐਮ.ਸੀ. ਪਲਾਉ ਕਰਕੇ, ਤਵੀਆਂ ਨਾਲ ਵਾਹ ਕੇ ਆਲੂ ਦੀ ਬੀਜਾਈ ਕਰਨੀ ਹੈ ਜਿਸ ‘ਤੇ ਉਸਦਾ ਡੀਜ਼ਲ ਦਾ ਕੁੱਲ ਖਰਚਾ 2 ਹਜ਼ਾਰ ਰੁਪਏ ਪ੍ਰਤੀ ਏਕੜ ਆਵੇਗਾ। ਉਸਨੇ ਅੱਗੇ ਕਿਹਾ ਕਿ ਝੋਨੇ ਦੀ ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਜ਼ਮੀਨ ਪੋਲੀ ਹੋਣ ਕਰਕੇ ਆਲੂ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਤੇ ਝਾੜ ਵੀ ਵੱਧ ਆਉਦਾ ਹੈ, ਸਾਡਾ ਵਾਤਾਵਰਣ ਵੀ ਸਾਫ ਰਹਿੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ।
ਕਿਸਾਨ ਦਲਜੀਤ ਸਿੰਘ ਨੇ ਸਬਜ਼ੀ ਕਦੇ ਵੀ ਬਜ਼ਾਰ ਤੋਂ ਮੁੱਲ ਨਹੀਂ ਖਰੀਦੀ ਸਗੋਂ 2 ਕਨਾਲ ਜ਼ਮੀਨ ਵਾਹ ਕੇ, ਦੇਸੀ ਰੂੜੀ ਪਾ ਕੇ ਰੁੱਤ ਅਨੁਸਾਰ ਹਰ ਪ੍ਰਕਾਰ ਦੀਆਂ ਸਬਜ਼ੀਆਂ ਤਿਆਰ ਕਰਦਾ ਹੈ ਅਤੇ ਨਾਲ ਹੀ ਕਿਸਾਨ ਨੇ ਫਲਦਾਰ ਬੂਟੇ ਵੀ ਲਗਾਏ ਹੋਏ ਹਨ। ਇਸ ਤੋਂ ਇਲਾਵਾ ਕਿਸਾਨ ਸਹਾਇਕ ਧੰਦੇ ਦੇ ਤੌਰ ਤੇ ਡੇਅਰੀ ਦਾ ਕੰਮ ਵੀ ਕਰਦਾ ਹੈ। ਇਹ ਕਿਸਾਨ ਭਰੋਵਾਲ ਖੁਰਦ ਇਲਾਕੇ ਵਿੱਚ ਇੱਕ ਮਿਸਾਲ ਸਫਲ ਕਿਸਾਨ ਵਜੋਂ ਜਾਣਿਆ ਜਾਂਦਾ ਹੈ।

About Author

Leave A Reply

WP2Social Auto Publish Powered By : XYZScripts.com