- ਲੁਧਿਆਣਾ ਨੂੰ ਦੇਸ਼ ਦੇ ਸਭ ਤੋਂ ਵਿਕਸਤ ਸ਼ਹਿਰ ਵਜੋਂ ਕੀਤਾ ਜਾਵੇਗਾ ਸਥਾਪਤ – ਭਾਰਤ ਭੂਸ਼ਣ ਆਸ਼ੂ
- ਕਿਹਾ! ਸ਼ਹਿਰ ਵਿਚ 2500 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਵੱਖ-ਵੱਖ ਵਿਕਾਸ ਪ੍ਰਾਜੈਕਟ
ਲੁਧਿਆਣਾ, (ਸੰਜੇ ਮਿੰਕਾ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅੱਜ ਪੰਜਾਬ ਸਰਕਾਰ ਦੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਪੜਾਅ-2 ਦੀ ਆਨਲਾਈਨ ਸ਼ੁਰੂਆਤ ਕਰਦਿਆਂ, ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਭਾਰਤ ਦਾ ਮੈਨਚੇਸਟਰ ਕਹੇ ਜਾਣ ਵਾਲੇ ਲੁਧਿਆਣਾ ਨੂੰ ਦੇਸ਼ ਦੇ ਸਭ ਤੋਂ ਵਿਕਸਤ ਸ਼ਹਿਰ ਵਜੋਂ ਸਥਾਪਿਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਸ੍ਰੀ ਆਸ਼ੂ ਨਾਲ ਅੱਜ ਵਿਧਾਇਕ ਪੂਰਬੀ ਸ੍ਰੀ ਸੰਜੇ ਤਲਵਾੜ, ਵਿਧਾਇਕ ਉੱਤਰੀ ਸ੍ਰੀ ਸੁਰਿੰਦਰ ਡਾਵਰ, ਵਿਧਾਇਕ ਗਿੱਲ ਸ੍ਰ. ਕੁਲਦੀਪ ਸਿੰਘ ਵੈਦ ਅਤੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸਥਾਨਕ ਬੱਚਤ ਭਵਨ ਵਿਖੇ ਵੀਡੀਓ ਕਾਨਫਰੰਸ ਰਾਹੀਂ 11000 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਗਰਾਮ ਦੇ ਪੜਾਅ-2 ਦੇ ਉਦਘਾਟਨ ਮੌਕੇ ਸ਼ਾਮਲ ਸਨ। ਇਸ ਉਦਘਾਟਨ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣੇ, 24 ਘੰਟੇ 7 ਦਿਨ ਪੀਣ ਯੋਗ ਪਾਣੀ ਦੀ ਸਪਲਾਈ, ਐਲ.ਈ.ਡੀ. ਲਾਈਟਾਂ ਅਤੇ ਰਾਜ ਦੇ ਹਰ ਸ਼ਹਿਰੀ ਖੇਤਰ ਵਿੱਚ ਵਿਗਿਆਨਕ ਤਰੀਕੇ ਨਾਲ ਸਾਲਿਡ ਵੇਸਟ ਦਾ ਨਿਪਟਾਰਾ ਕਰਨਾ ਹੈ। ਲੁਧਿਆਣਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 650 ਕਰੋੜ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦਾ ਐਲਾਨ ਵੀ ਕੀਤਾ, ਜਿਸ ਨਾਲ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੰਡਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ ਨੂੰ ਪਹਿਲ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਾਇਦ ਲੁਧਿਆਣਾ ਹੀ ਅਜਿਹਾ ਸ਼ਹਿਰ ਹੋ ਸਕਦਾ ਹੈ ਜਿਸ ਵਿੱਚ ਸਮਾਰਟ ਸਿਟੀ ਮਿਸ਼ਨ ਤਹਿਤ ਨਵੇਂ ਪ੍ਰਾਜੈਕਟ ਅਤੇ ਸਰਕਾਰੀ ਯੋਜਨਾਵਾਂ ਹਰ ਕੋਨੇ-ਕੋਨੇ ਵਿੱਚ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਾਭਾ ਨਗਰ ਦੀ ਪ੍ਰਸਿੱਧ ਮਾਰਕੀਟ ਪੂਰੀ ਤਰ੍ਹਾਂ ਨਵੀਂ ਦਿੱਖ ਵਿਚ ਦੀਵਾਲੀ ਤੋਂ ਪਹਿਲਾਂ ਵਸਨੀਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਸਰਾਭਾ ਨਗਰ ਮਾਰਕੀਟ ਪ੍ਰਾਜੈਕਟ ਵਿਚ ਸਾਰੇ ਲੈਂਡਸਕੇਪ ਕਾਰਜਾਂ ਦੇ ਡਿਜ਼ਾਈਨ, ਸਪਲਾਈ ਅਤੇ ਸਥਾਪਨਾ ਦਾ ਅਪਗ੍ਰੇਡਿਸ਼ਨ ਸ਼ਾਮਲ ਹੈ, ਜਿਸ ਵਿਚ ਬਿਜਲੀ ਸੇਵਾਵਾਂ ਦਾ ਭੂਮੀਗਤ ਹੋਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਿੰਗਾਰ ਸਿਨੇਮਾ ਤੋਂ ਟਰਾਂਸਪੋਰਟ ਨਗਰ ਤੱਕ ਗੰਦੇ ਨਾਲੇ ਦਾ 17.85 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਾਜੈਕਟ ਵੀ ਚੱਲ ਰਿਹਾ ਹੈ। ਕੈਬਨਿਟ ਮੰਤਰੀ ਨੇ ਮੇਅਰ, ਪ੍ਰਧਾਨਾਂ ਅਤੇ ਕੌਂਸਲਰਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਕਰਦਾਤਾਵਾਂ ਦੀ ਮਿਹਨਤ ਦਾ ਇੱਕ-ਇੱਕ ਪੈਸਾ ਸੁਚੱਝੇ ਢੰਗ ਨਾਲ ਖਰਚ ਕਰਨ ਅਤੇ ਪ੍ਰਾਜੈਕਟਾਂ ਵਿੱਚ ਵਰਤੀਆਂ ਜਾਂਦੀਆਂ ਚੀਜ਼ਾਂ ਜਾਂ ਉਤਪਾਦਾਂ ਦੀ ਗੁਣਵੱਤਾ ਨਾਲ ਸਮਝੌਤਾ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਆਸ਼ੂ ਨੇ ਦੱਸਿਆ ਕਿ ਆਧੁਨਿਕ ਬੁੱਚੜਖਾਨੇ, ਸਮਾਰਟ ਸਕੂਲ, ਸਿੱਧਵਾਂ ਨਹਿਰ ਵਾਟਰਫਰੰਟ ਵਿਕਾਸ ਪ੍ਰਾਜੈਕਟ, ਸਰਕਾਰੀ ਇਮਾਰਤਾਂ ਦੀਆਂ ਛੱਤਾਂ ਉੱਪਰ ਸੋਲਰ ਸਿਸਟਮ ਆਦਿ ਸਮੇਤ ਕਈ ਪ੍ਰਾਜੈਕਟ ਜਾਂ ਤਾਂ ਟੈਂਡਰ ਪ੍ਰਕਿਰਿਆ ਅਧੀਨ ਹਨ ਜਾਂ ਚੱਲ ਰਹੇ ਹਨ। ਇਸ ਮੌਕੇ ਚੇਅਰਮੈਨ ਸ੍ਰ. ਅਮਰਜੀਤ ਸਿੰਘ ਟਿੱਕਾ, ਚੇਅਰਮੈਨ ਸ੍ਰੀ ਕੇ.ਕੇ. ਬਾਵਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸੀਨੀਅਰ ਕਾਂਗਰਸੀ ਆਗੂ ਸ੍ਰ. ਕਰਨਜੀਤ ਸਿੰਘ ਗਾਲਿਬ, ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਅਮਿਤ ਬੈਂਬੀ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।