Sunday, March 16

ਕਿਸਾਨ ਕਰਤਿੰਦਰਪਾਲ ਸਿੰਘ ਵੱਲੋਂ ਵਾਤਾਵਰਣ ਸ਼ੁਧੀਕਰਨ ਲਈ ਕੀਤੇ ਯੋਗ ਉਪਰਾਲੇ

  • ਕਰੋਨਾ ਮਹਾਂਮਾਰੀ ਨੂੰ ਠੱਲ ਪਾਉਣ ਵਿੱਚ ਵੀ ਪਾਇਆ ਯੋਗਦਾਨ

ਲੁਧਿਆਣਾ, (ਸੰਜੇ ਮਿੰਕਾ) – ਪਿੰਡ ਸਿੰਘਪੁਰਾ ਜਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਅਗਾਂਹ ਵਧੂ ਕਿਸਾਨ ਕਰਤਿੰਦਰਪਾਲ ਸਿੰਘ ਨੇ ਪਰਾਲੀ ਨੂੰ ਬਿਨਾ ਅੱਗ ਲਗਾਏ ਉੱਨਤ ਖੇਤੀ ਕਰਨ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ। ਕਿਸਾਨ ਕਰਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਬਾਰਵੀਂ ਜਮਾਤ ਤੱਕ ਪੜਿਆ ਹੈ ਅਤੇ ਇੱਕ ਛੋਟੇ ਘਰਾਣੇ ਤੋਂ ਉੱਠ ਕੇ ਅੱਠ ਏਕੜ ਦੀ ਖੇਤੀ ਤੋਂ ਸ਼ੁਰੂ ਹੋਕੇ ਅੱਜ 14 ਏਕੜ ਮਾਲਕੀ ਦੀ ਖੇਤੀ ਕਰਦਾ ਹੈ। ੳਸਨੇ ਅੱਗੇ ਦੱਸਿਆ ਕਿ ਬਚਪਨ ਤੋਂ ਹੀ ਆਪਣੇ ਪਿਤਾ ਜੀ ਦੇ ਨਾਲ ਖੇਤੀ ਵਿੱਚ ਹੱਥ ਵਟਾਉਦਾ ਰਿਹਾ ਹੈ ਅਤੇ ਉਨ੍ਹਾਂ ਦੇ ਸਵਰਗਵਾਸ ਤੋਂ ਬਾਅਦ 24 ਸਾਲਾਂ ਤੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ, ਕੁਆਲਟੀ ਦੇ ਬੀਜ ਅਤੇ ਖੇਤੀ ਮਸ਼ੀਨਰੀ ਸਬਸਿਡੀ ‘ਤੇ ਪ੍ਰਾਪਤ ਕਰਕੇ ਖੇਤੀ ਧੰਦੇ ਅਤੇ ਹੋਰ ਸਹਾਇਕ ਧੰਦੇ ਜਿਵੇ ਡੇਅਰੀ ਫਾਰਮਿੰਗ ਅਤੇ ਸਬਜੀਆਂ ਆਦਿ ਉਗਾ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ। ਕਰਤਿੰਦਰਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਕੇ, ਇਸ ਨੂੰ ਮਸ਼ੀਨਾਂ ਰਾਹੀਂ ਖੇਤਾਂ ਵਿੱਚ ਹੀ ਮਿਲਾਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਖਾਦਾਂ ਦੀ ਖਪਤ ਅਤੇ ਖਰਚਾ ਘਟਦਾ ਹੈ ਅਤੇ ਮੁਨਾਫਾ ਵਧਦਾ ਹੈ। ਉਸਨੇ ਦਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਡਾ. ਸ਼ੋਰਅਜੀਤ ਸਿੰਘ ਖੇਤੀ ਵਿਸਥਾਰ ਅਫਸਰ ਦੇ ਸੰਪਰਕ ਵਿੱਚ ਆਉਣ ਕਰਕੇ ਡੀ.ਏ.ਪੀ. ਦੀ ਖਪਤ ਝੋਨੇ ਦੀ ਫਸਲ ‘ਤੇ ਬਿਲਕੁਲ ਬੰਦ ਕੀਤੀ ਹੈ ਅਤੇੇ ਯੂਰੀਏ ਦੀ ਵਰਤੋਂ ਕਾਫੀ ਘੱਟ ਕੀਤੀ ਹੈ। ਯੂਰੀਆ ਖਾਦ ਦੀ ਵਰਤੋਂ ਘੱਟ ਕਰਨ ਨਾਲ ਕੀੜੇ ਮਕੌੜਿਆਂ ਦਾ ਹਮਲਾ ਵੀ ਘੱਟਦਾ ਹੈ। ਕਿਸਾਨ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਫਸਲ ਤੇ ਕੋਈ ਵੀ ਕੀੜੇਮਾਰ ਜਾਂ ਕੀਟਨਾਸ਼ਕ ਦਵਾਈ ਦੀ ਲੋੜ ਮਹਿਸੂਸ ਨਹੀਂ ਹੋਈ। ਜਿਥੇ ਇਸ ਉੱਦਮੀ ਕਿਸਾਨ ਕਰਤਿੰਦਰਪਾਲ ਸਿੰਘ ਨੇ ਵਾਤਾਵਰਣ ਦੇ ਸ਼ੁਧੀਕਰਨ ਵਿੱਚ ਮੱਦਦ ਕੀਤੀ, ਉਥੇ ਹੀ ਮੌਜੂਦਾ ਸਮੇਂ ਚੱਲ ਰਹੀ ਕਰੋਨਾ ਮਹਾਂਮਾਰੀ ਨੂੰ ਠੱਲ ਪਾਉਣ ਵਿੱਚ ਵੀ ਯੋਗਦਾਨ ਪਾਇਆ ਹੈ। ਕਿਸਾਨ ਵੱਲੋਂ ਖੇਤੀ ਦੇ ਨਾਲ-ਨਾਲ ਸਮਾਜਿਕ ਤੌਰ ਤੇ ਕਮਜ਼ੋਰ ਵਰਗ ਦਾ ਪੱਧਰ ਉੱਚਾ ਚੁੱਕਣ ਵਿੱਚ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਸ ਸਮੇਂ ਡਿਪਾਰਟਮੈਟਲ ਜਿਲਾ ਕਾਂਗਰਸ ਕਮੇਟੀ ਲੁਧਿਆਣਾ(ਦਿਹਾਤੀ) ਦਾ ਚੇਅਰਮੈਨ ਵੀ ਨਿਯੁਕਤ ਹੈ।ਸਫਲ ਕਿਸਾਨ ਪਰਾਲੀ ਨਾ ਸਾੜਨ ਅਤੇ ਘੱਟ ਖਾਦਾਂ ਦੀ ਵਰਤੋਂ ਕਰਨ ਕਰਕੇ ਸੁੱਧ ਵਾਤਾਵਰਨ ਨੂੰ ਬਹੁਤ ਵੱਡੀ ਦੇਣ ਦੇ ਰਿਹਾ ਹੈ। ਇਸ ਦੇ ਨਾਲ-ਨਾਲ ਬਿਨਾ ਸਪਰੇਅ ਕੀਤਿਆਂ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ। ਕਿਸਾਨ ਕਰਤਿੰਦਰਪਾਲ ਸਿੰਘ ਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਲਗਭਗ ਛੇ ਏਕੜ ਦੀ ਖੇਤੀ ਕਰਕੇ ਪਾਣੀ ਦੀ ਬੱਚਤ ਕਰਨ ਵਿੱਚ ਉੱਤਮ ਯੋਗਦਾਨ ਪਾਇਆ ਹੈ। ਇਹ ਕਿਸਾਨ ਆਪਣੇ ਇਲਾਕੇ ਵਿੱਚ ਹੋਰ ਕਿਸਾਨਾਂ ਲਈ ਪ੍ਰੇਰਣਾ ਦੇਣ ਲਈ ਚਾਨਣ ਮੁਨਾਰਾ ਬਣਿਆ ਹੈ ।

About Author

Leave A Reply

WP2Social Auto Publish Powered By : XYZScripts.com