- 12ਵੀਂ ਪਾਸ ਕਿਸਾਨ ਬਿਨ੍ਹਾਂ ਫਸਲਾਂ ਦੀ ਰਹਿੰਦ-ਖੂੰਹਦ ਸਾੜੇ 65 ਏਕੜ ਵਿੱਚ ਕਰਦਾ ਹੈ ਖੇਤੀ
ਲੁਧਿਆਣਾ, (ਸੰਜੇ ਮਿੰਕਾ) – ਵਾਤਾਵਰਣ ਪੱਖੀ ਕਿਸਾਨ ਜਗਰੂਪ ਸਿੰਘ ਪਿੰਡ ਲਿੱਤਰਾਂ ਬਲਾਕ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ। ਕਿਸਾਨ ਜਗਰੂਪ ਸਿੰਘ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਅਤੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਜਾਂਦਾ ਹੈ।
12ਵੀਂ ਪਾਸ ਇਸ ਉੱਦਮੀ ਕਿਸਾਨ ਜਗਰੂਪ ਸਿੰਘ ਦੀ ਜੇਕਰ ਗੱਲ ਕਰੀਏ ਤਾਂ ਉਸ ਵੱਲੋਂ ਲੱਗਭਗ 65 ਏਕੜ ਵਿੱਚ ਵਾਹੀ ਕੀਤੀ ਜਾਂਦੀ ਹੈ, ਜਿਸ ਵਿੱਚ 5 ਏਕੜ ਮਾਲਕੀ ਅਤੇ 60 ਏਕੜ ਮੁਜਾਰਾ ਹੈ। ਇਹ ਕਿਸਾਨ 30 ਏਕੜ ਕਣਕ ਅਤੇ 35 ਏਕੜ ਆਲੂ ਅਤੇ 65 ਏਕੜ ਝੋਨੇ ਦੀ ਖੇਤੀ ਕਰਦਾ ਹੈ। ਕਿਸਾਨ ਵੱਲੋਂ ਪਿਛਲੇ ਲੱਗਭਗ ਤਿੰਨ ਸਾਲਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਫਸਲਾਂ ਦੀਆਂ ਕਿਸਮਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਬਲਾਕ ਪੱਖੋਵਾਲ ਦੀ ਮਦਦ ਨਾਲ ਨਵੀਆਂ ਤਕਨੀਕਾਂ ਅਪਣਾ ਕੇ ਖੇਤ ਵਿੱਚ ਹੀ ਪਰਾਲੀ ਦੀ ਸੰਭਾਲ ਕੀਤੀ ਗਈ ਹੈ। ਪਰਾਲੀ ਨੂੰ ਖੇਤ ਵਿੱਚ ਜਜ਼ਬ ਕਰਨ ਲਈ ਕਿਸਾਨ ਮਲਚਰ ਬਹੁ-ਮੰਤਵੀ ਸਹਿਕਾਰੀ ਸਭਾ ਲਿੱਤਰਾਂ ਤੋਂ ਲੈਂਦਾ ਹੈ ਅਤੇ ਉਲਟਾਵੇਂ ਹਲ ਉਸਨੇ ਖੁਦ ਖਰੀਦੇ ਹਨ। ਉਸਨੇ ਆਪਣੇ ਖੇਤਾਂ ਵਿੱਚ ਪਰਾਲੀ ਦਾ ਮਲਚਰ ਨਾਲ ਕੁਤਰਾ ਕਰਕੇ ਅਤੇ ਫਿਰ ਪਰਾਲੀ ਨੂੰ ਉਲਟਾਵੇਂ ਹਲਾਂ ਨਾਲ ਖੇਤ ਵਿੱਚ ਵਾਹ ਕੇ 30 ਏਕੜ ਆਲੂ ਅਤੇ 35 ਏਕੜ ਕਣਕ ਦੀ ਬਿਜਾਈ ਕੀਤੀ। ਕਣਕ ਦੀ ਬਿਜਾਈ ਲਈ ਪਰਾਲੀ ਦਾ ਮਲਚਰ ਨਾਲ ਕੁਤਰਾ ਕਰਕੇ ਖੇਤ ਨੂੰ ਰੋਟਾਵੇਟਰ ਨਾਲ ਵਾਹ ਕੇ ਸੁਹਾਗਾ ਮਾਰਕੇ ਬੀਜ ਡਰਿੱਲ ਨਾਲ ਕੀਤੀ ਹੈ। ਸਫਲ ਕਿਸਾਨ ਅਨੁਸਾਰ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਜਿੱਥੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ, ਉਥੇ ਫਸਲ ਦੇ ਝਾੜ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੋਇਆ ਹੈ। ਜਗਰੂਪ ਸਿੰਘ ਵੱਲੋਂ ਆਪਣੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਦੌਰ ਵਿੱਚ ਬਿਨ੍ਹਾਂ ਪਰਾਲੀ ਸਾੜੇ, ਖੇਤਾਂ ਵਿੱਚ ਸੰਭਾਲ ਕਰਕੇ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਉੱਥੇ ਨਾਲ ਹੀ ਸੂਬਾ ਸਰਕਾਰ ਵੱਲੋਂ ਵਿੱਢੀ ਮੁਹਿੰਮ ‘ਮਿਸ਼ਨ ਫਤਿਹ’ ਨੂੰ ਕਾਮਯਾਬ ਕਰਨ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਵੀ ਕੀਤਾ ਜਾ ਸਕਦਾ ਹੈ।