- ਲੁਧਿਆਣਾ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ‘ਚ ਸ਼ਹਿਰ ਵਾਸੀ ਕਰਨ ਸਹਿਯੋਗ – ਨਗਰ ਨਿਗਮ ਕਮਿਸ਼ਨਰ
- ਕਿਹਾ! ਗਿੱਲਾ ਅਤੇ ਸੁੱਕਾ ਕੂੜਾ ਰੱਖਿਆ ਜਾਵੇ ਅਲਹਿਦਾ
- ਸਫਾਈ ਸੇਵਕਾਂ ਦੀ ਸ਼ਲਾਘਾ ਕਰਦਿੰਆਂ ਪੁਰਸਕਾਰ ਵੀ ਦਿੱਤੇ ਗਏ
ਲੁਧਿਆਣਾ,(ਸੰਜੇ ਮਿੰਕਾ)- ਨਗਰ ਨਿਗਮ ਮੇਅਰ ਸ੍ਰ.ਬਲਕਾਰ ਸਿੰਘ ਸੰਧੂ ਦੀ ਅਗੁਵਾਈ ਵਿੱਚ ਸਥਾਨਕ ਬੱਚਤ ਭਵਨ ਵਿਖੇ ਸਵੱਛਤਾ ਸਰਵੇਖਣ 2021 ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਤਹਿਤ ਲੁਧਿਆਣਾ ਸ਼ਹਿਰ ਨੂੰ ਕੂੜਾ ਮੁਕਤ ਅਤੇ ਹਰਿਆ ਭਰਿਆ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਕੌਸਲਰ ਸ੍ਰੀਮਤੀ ਮਮਤਾ ਆਸ਼ੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਨਗਰ ਨਿਗਮ ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਵੀ ਹਾਜ਼ਰ ਸਨ।ਸ੍ਰੀ ਸੰਧੂ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਵੀ ਨਗਰ ਨਿਗਮ ਅਧਿਕਾਰੀਆਂ ਦੀ ਯੋਗ ਅਗੁਵਾਈ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਸਖ਼ਤ ਮਿਹਨਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਰਮਚਾਰੀਆਂ ਵੱਲੋਂ ਸਵੇਰੇ 6 ਵਜੇ ਤੋਂ ਸ਼ੁਰੂ ਦੇਰ ਰਾਤ ਤੱਕ ਕੰਮ ਕੀਤਾ ਜਾਂਦਾ ਹੈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੋਜੈਕਟ ਡਾਇਰੈਕਟਰ (ਸਾਲਿਡ ਵੇਸਟ ਮੈਨੇਜਮੈਂਟ) ਸ਼੍ਰੀ ਪੂਰਨ ਸਿੰਘ ਨੇ ਕਿਹਾ ਕਿ ਇਹ ਸਾਡਾ ਨੈਤਿਕ ਕਰਤੱਵ ਹੈ ਕਿ ਅਸੀਂ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਵਿੱਚ ਆਪਣਾ ਪੂਰਨ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਜਿਹੜਾ ਕਿ ਹਰ ਖੇਤਰ ਵਿੱਚ ਅੱਗੇ ਮੰਨਿਆ ਜਾਂਦਾ ਹੈ ਉਹ ਇਸ ਸਵੱਛਤਾ ਸਰਵੇਖਣ ਵਿੱਚ ਵੀ ਪਹਿਲੇ ਨੰਬਰਾਂ ‘ਤੇ ਆਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਲੁਧਿਆਣਾ ਨੂੰ ਸਾਫ-ਸੁਥਰਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੁਧਿਆਣਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀ ਸਵੱਛਤਾ ਰੈਂਕਿੰਗ ਹੋਰ ਵਧੀਆ ਆ ਸਕੇ।ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਨਗਰ ਨਿਗਮ ਵੱਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਕੂੜਾ ਮੁਕਤ ਰੱਖਣ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਅਹਿਮ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਕੇ ਹੀ ਰੱਖਿਆ ਜਾਵੇ ਕਿਉਂਕਿ ਸਫਾਈ ਕਰਮਚਾਰੀਆਂ ਦੁਆਰਾ ਚੁੱਕੇ ਗਏ ਕੂੜੇ ਨੂੰ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਘਰ-ਘਰ ਜਾ ਕੇ ਕੂੜਾ ਚੁੱਕਣ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਦੁਕਾਨ ਅੱਗੇ ਡਸਟਬਿਨ ਰੱਖਣ।ਬੁੱਢੇ ਨਾਲੇ ਦੀ ਸਫਾਈ ਸਬੰਧੀ ਸ਼੍ਰੀ ਸੱਭਰਵਾਲ ਨੇ ਕਿਹਾ ਕਿ ਇਸ ਸਬੰਧੀ ਟੈਡਰ ਪ੍ਰਕਿਰਿਆ ਲਗਭਗ ਮੁੰਕਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰੋਹਿਤ ਮਹਿਰਾ ਦੀ ਅਗਵਾਈ ਵਿੱਚ ਬੁੱਢੇ ਨਾਲੇ ‘ਤੇ 10 ਮਾਈਕਰੋ ਫੋਰੈਸਟ ਤਿਆਰ ਕਰਵਾ ਕੇ ਲਗਾਏ ਜਾ ਰਹੇ ਹਨ ਜਿਸ ਨਾਲ ਬੁੱਢੇ ਨਾਲੇ ਦੀ ਗੰਦਗੀ ਘੱਟੇਗੀ।ਇਸ ਮੌਕੇ ਸਮੂਹ ਨਗਰ ਨਿਗਮ ਸਟਾਫ ਵੱਲੋ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਸਵੱਛਤਾ ਸਰਵੇਖਣ 2021 ਲਈ ਲੁਧਿਆਣਾ ਉੱਚ ਸਥਾਨ ਹਾਸਿਲ ਕਰੇਗਾ।ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਸ਼੍ਰੀ ਪੂਰਨ ਸਿੰਘ ਅਤੇ ਸ਼੍ਰੀ ਰੋਹਿਤ ਮਹਿਰਾ ਵੱਲੋਂ ਵਧੀਆ ਕੰਮ ਕਰਨ ਵਾਲੇ ਸਫਾਈ ਸੇਵਕਾਂ ਦੀ ਸ਼ਲਾਘਾ ਕਰਦਿੰਆਂ ਪੁਰਸਕਾਰ ਵੀ ਦਿੱਤੇ ਗਏ।