- ਡਿਪਟੀ ਕਮਿਸ਼ਨਰ ਵੱਲੋਂ ਸੂਝਵਾਨ ਕਿਸਾਨ ਵੀਰਾਂ ਨੂੰ ਝੋਨੇ ਦੀ ਨਾੜ ਨੂੰ ਨਾ ਸਾੜਨ ਦੀ ਕੀਤੀ ਅਪੀਲ
- ਕਿਹਾ ! ਇਸ ਵਾਰ ਇਹ ਅਪੀਲ ਹੋਰ ਵੀ ਜ਼ਿਆਦਾ ਮਹੱਤਵਪੂਰਨ, ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਸਾਹ ਸਬੰਧੀ ਬਿਮਾਰੀਆਂ ਵਧੀਆਂ
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਵੱਲੋਂ ਵਾਤਾਵਰਣ ਬਚਾਉਣ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਅਧੀਨ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂਹੰਦ ਸਾਂਭਣ ਵਾਲੀਆਂ ਖੇਤੀ ਮਸ਼ੀਨਾਂ ‘ਤੇ ਸਬਸਿਡੀ ਦੇਣ ਲਈ ਸਕੀਮ ਜਾਰੀ ਕੀਤੀ ਗਈ ਹੈ। ਇਹ ਸਬਸਡੀ ਇੰਨ੍ਰ-ਸਿਟੂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਸਾਲ 2020-21 ਅਧੀਨ ਦਿੱਤੀ ਜਾ ਰਹੀ ਹੈ। ਇਸ ਸਕੀਮ ਦੇ ਲਾਭਪਾਤਰੀਆਂ ਦੀ ਚੋਣ ਕਰਨ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਮਿਤੀ 14-09-2020 ਨੂੰ ਕੰਪਿਊਟਰਾਈਜ਼ਡ ਰੈਡੇਮਾਈਜ਼ੇਸ਼਼ਨ/ਡਰਾਅ ਕੱਢਿਆ ਗਿਆ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਡਰਾਅ ਰਾਹੀਂ 698 ਕਿਸਾਨਾਂ ਨੂੰ “ਨਿੱਜੀ ਕਿਸਾਨ” ਕੈਟਾਗਰੀ ਵਿੱਚ, 100 ਗਰੁੱਪਾਂ ਨੂੰ “ਕਸਟਮ ਹਾਈਰਿੰਗ ਸੈਂਟਰ” ਕੈਟਾਗਰੀ ਵਿੱਚ ਚੁਣਿਆ ਗਿਆ। “ਨਿੱਜੀ ਕਿਸਾਨ” ਕੈਟਾਗਰੀ ਵਿੱਚ 126 ਸੁਪਰ ਐਸ.ਐਮ.ਐਸ, 162 ਮਲਚਰ, 13 ਹੈਪੀ ਸੀਡਰ, 142 ਐਮ.ਬੀ. ਪਲਾਓ, 250 ਸੁਪਰ ਸੀਡਰ ਮਸ਼ੀਨਾਂ ‘ਤੇ ਸਬਸਿਡੀ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ ਦੇ ਕਿਸਾਨਾਂ ਵੱਲੋਂ ਦਿੱਤੀਆਂ ਗਈਆਂ ਸਾਰੀਆਂ 25 ਅਰਜ਼ੀਆਂ ਸਕੀਮ ਦੇ ਪਹਿਲੇ ਫੇਜ਼ ਵਿੱਚ ਪ੍ਰਵਾਨ ਕੀਤੀਆਂ ਗਈਆਂ ਹਨ। ਬਾਕੀ ਰਹਿੰਦੀਆਂ ਅਰਜ਼ੀਆਂ ਨੂੰ ਸਕੀਮ ਦੇ ਅਗਲੇ ਪੜਾਅ ਲਈ ਵੇਟਿੰਗ ਲਿਸਟ ਵਿੱਚ ਰੱਖਿਆ ਗਿਆ ਹੈ। “ਕਸਟਮ ਹਾਈਰਿੰਗ ਸੈਂਟਰ” ਕੈਟਾਗਰੀ ਵਿੱਚ ਪਹਿਲੇ ਫੇਜ਼ ਲਈ 100 ਗਰੁੱਪਾਂ ਨੂੰ ਚੁਣਿਆ ਗਿਆ ਹੈ, ਜਿਹਨਾਂ ਵਿੱਚ 5 ਅਨੁਸੂਚਿਤ ਜਾਤੀ ਗਰੁੱਪ, 8 ਗ੍ਰਾਮ ਪੰਚਾਇਤਾਂ, 8 ਕੋਆਪਰੇਟਿਵ ਸੁਸਾਇਟੀਆਂ ਅਤੇ 62 ਅਜਿਹੇ ਪਿੰਡਾਂ ਦੇ ਗਰੁੱਪ ਜਿਹਨਾਂ ਵਿੱਚ ਪਿਛਲੇ 2 ਸਾਲਾਂ ਵਿੱਚ ਕਿਸੇ ਵੀ ਗਰੁੱਪ ਨੂੰ ਸਬਸਿਡੀ ਨਹੀਂ ਦਿੱਤੀ ਗਈ ਸੀ, ਦੀ ਵੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਬੇਲਰ/ਰੇਕ ਕੈਟਾਗਰੀ ਵਿੱਚ ਪ੍ਰਾਪਤ 76 ਅਰਜੀਆਂ ਦੀ ਕੰਪਿਊਟਰਾਈਜ਼ਡ ਰੈਡੇਮਾਈਜ਼ੇਸ਼ਨ ਕੀਤੀ ਗਈ ਤਾਂ ਜੋ ਇਹਨਾਂ ਲਈ ਪ੍ਰਾਪਤ ਹੋਣ ਵਾਲੇ ਟੀਚਿਆਂ ਅਨੁਸਾਰ ਪ੍ਰਵਾਨਗੀ ਜਾਰੀ ਕੀਤੀ ਜਾ ਸਕੇ। ਇਸ ਮੀਟਿੰਗ ਵਿੱਚ ਡਾ. ਨਰਿੰਦਰ ਸਿੰਘ ਬੈਨੀਪਾਲ, ਮੁੱਖ ਖੇਤੀਬਾੜੀ ਅਫਸਰ, ਇੰਜੀਨੀਅਰ ਅਮਨਪ੍ਰੀਤ ਸਿੰਘ ਘਈ, ਸਹਾਇਕ ਖੇਤੀਬਾੜੀ ਇੰਜੀਨੀਅਰ, ਸ੍ਰੀਮਤੀ ਸਨਿਗਧਾ, ਡੀ.ਡੀ.ਐਫ਼, ਲੁਧਿਆਣਾ, ਡਾ. ਮਨਜੀਤ ਸਿੰਘ, ਹੈੱਡ ਫਾਰਮ ਮਸ਼ੀਨਰੀ ਵਿਭਾਗ, ਪੀ.ਏ.ਯੂ, ਲੁਧਿਆਣਾ, ਸ੍ਰੀ ਸੰਜੀਵ ਕੁਮਾਰ, ਡੀ.ਡੀ.ਐਮ, ਨਬਾਰਡ, ਸ੍ਰੀ ਇੰਦਰਜੀਤ ਸਿੰਘ, ਡੀ.ਆਈ.ਓ, ਐਨ.ਆਈ.ਸੀ., ਸ੍ਰ੍ਰੀ ਜਸਪ੍ਰੀਤ ਸਿੰਘ ਖੇੜਾ, ਪੀ.ਡੀ.ਆਤਮਾ ਹਾਜ਼ਰ ਸਨ। ਮੁੱਖ ਖੇਤੀਬਾੜੀ ਅਫਸਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਪਿਛਲੇ 2 ਸਾਲਾਂ ਦੌਰਾਨ ਪਹਿਲਾਂ ਵੀ 3655 ਅਜਿਹੀਆਂ ਮਸ਼ੀਨਾਂ ‘ਤੇ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾ ਚੁੱਕੀ ਹੈ। ਉਹਨਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਸੰਭਾਲਿਆ ਜਾਵੇ ਤਾਂ ਜੋ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸੂਝਵਾਨ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਨਾੜ ਨੂੰ ਨਾ ਸਾੜਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਇਹ ਅਪੀਲ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਪਹਿਲਾਂ ਹੀ ਸਾਹ ਸਬੰਧੀ ਬਿਮਾਰੀਆਂ ਵਧੀਆਂ ਹੋਈਆਂ ਹਨ ਅਤੇ ਆਕਸੀਜ਼ਨ ਘੱਟਣ ਕਾਰਨ 500 ਤੋਂ ਵਧੇਰੇ ਕੀਮਤੀ ਜਾਨਾ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾ ਨੂੰ ਇਸ ਔਖੀ ਘੜੀ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ।