- ਵੱਧ ਤੋਂ ਵੱਧ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਟੈਸਟ ਕਰਨ ਦਾ ਟੀਚਾ – ਮੇਅਰ ਅਤੇ ਡਿਪਟੀ ਕਮਿਸ਼ਨਰ
- ਕਰੋਨਾ ਤੋਂ ਬਚਣ ਲਈ ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ – ਪੁਲਿਸ ਕਮਿਸ਼ਨਰ
ਲੁਧਿਆਣਾ,(ਸੰਜੇ ਮਿੰਕਾ)-ਜ਼ਿਲ੍ਹਾ ਲੁਧਿਆਣਾ ਵਿੱਚ ਵੱਧ ਤੋਂ ਵੱਧ ਸ਼ੱਕੀ ਲੋਕਾਂ ਦੀ ਟੈਸਟਿੰਗ ਯਕੀਨੀ ਬਣਾਉਣ ਅਤੇ ਉਹਨਾਂ ਵਿੱਚ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਜ ਸ਼ਹਿਰ ਲੁਧਿਆਣਾ ਵਿੱਚ ਦੋ ਮੋਬਾਈਲ ਟੈਸਟਿੰਗ ਵੈਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਹਨਾਂ ਨੂੰ ਅੱਜ ਸਥਾਨਕ ਦਰੇਸੀ ਮੈਦਾਨ ਤੋਂ ਨਗਰ ਨਿਗਮ ਦੇ ਮੇਅਰ ਸ੍ਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ਼੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਸ੍ਰ ਸੰਧੂ ਅਤੇ ਸ਼੍ਰੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਹਾਲ ਅੱਜ ਸ਼ਹਿਰ ਵਿਚ ਦੋ ਵੈਨਾਂ ਚਲਾਈਆਂ ਗਈਆਂ ਹਨ, ਜਿਹਨਾਂ ਦੀ ਗਿਣਤੀ ਬਾਅਦ ਵਿੱਚ ਵਧਾ ਦਿੱਤੀ ਜਾਵੇਗੀ। ਇਹ ਵੈਨਾਂ ਇਕ ਫਲੂ ਕਾਰਨਰ ਦੀ ਤਰ੍ਹਾਂ ਕੰਮ ਕਰਨਗੀਆਂ। ਲੋਕਾਂ ਦੀ ਜਿੱਥੇ ਘਰ ਘਰ ਜਾ ਕੇ ਟੈਸਟਿੰਗ ਕੀਤੀ ਜਾਵੇਗੀ ਉਥੇ ਹੀ ਉਹਨਾਂ ਨੂੰ ਇਸ ਬਿਮਾਰੀ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਵੀ ਕੀਤਾ ਜਾਵੇਗਾ। ਇਸ ਕੰਮ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਦੀਆਂ ਟੀਮਾਂ ਸੇਵਾਵਾਂ ਦੇਣਗੀਆਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ।ਪੁਲਿਸ ਕਮਿਸ਼ਨਰ ਸ਼੍ਰੀ ਅਗਰਵਾਲ ਨੇ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਖੁਦ ਨੂੰ ਬਚਾਉਣ ਅਤੇ ਹੋਰਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਇਸ ਲੜ੍ਹਾਈ ਵਿੱਚ ਲੁਧਿਆਣਾ ਪੁਲਿਸ ਲੋਕਾਂ ਦੇ ਨਾਲ ਹਰ ਸਮੇਂ ਖੜ੍ਹੀ ਹੈ। ਇਸ ਮੌਕੇ ਹਲਕਾ ਵਿਧਾੲਿਕ ਸ਼੍ਰੀ ਸੁਰਿੰਦਰ ਡਾਵਰ ਦੇ ਪੁੱਤਰ ਸ਼੍ਰੀ ਮਾਨਿਕ ਡਾਵਰ, ਦੋਵੇਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਤੇ ਸ੍ਰ ਅਮਰਜੀਤ ਸਿੰਘ ਬੈਂਸ ਅਤੇ ਹੋਰ ਵੀ ਹਾਜ਼ਰ ਸਨ।