- ਕੈਪਟਨ ਸੰਧੂ ਵੱਲੋ ਰੋਜ਼ਾਨਾ 4 ਹਜ਼ਾਰ ਤੋਂ ਵੱਧ ਕੋਵਿਡ ਟੈਸਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਦੀ ਕੀਤੀ ਗਈ ਸ਼ਲਾਘਾ
- ਕੈਪਟਨ ਸੰਦੀਪ ਸੰਧੂ ਅਤੇ ਡਿਪਟੀ ਕਮਿਸ਼ਨਰ ਵੱਲੋਂ ਹੋਰ ਨਿੱਜੀ ਹਸਪਤਾਲਾਂ ਨੂੰ ਇਸ ਔਖੀ ਘੜੀ ‘ਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਸਦਕਾ ਸਥਾਨਕ ਮੈਰੀਟੋਰੀਅਸ ਸਕੂਲ ਲੁਧਿਆਣਾ ਨੇ ਆਪਣੇ ਮੌਜੂਦਾ ਕੋਵਿਡ ਕੇਅਰ ਸੈਂਟਰ ਵਿੱਚ ਕਰੀਬ 350 ਹੋਰ ਆਕਸੀਜ਼ਨ ਸਹਾਇਤਾ ਵਾਲੇ ਬਿਸਤਰਿਆਂ ਦਾ ਵਾਧਾ ਕੀਤਾ ਹੈ। ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਸੰਦੀਪ ਸੰਧੂ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਣੀਅਮ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਨੋਡਲ ਅਫ਼ਸਰ ਕੋਵਿਡ-19 ਸ੍ਰੀ ਸੰਦੀਪ ਕੁਮਾਰ, ਐਸ.ਡੀ.ਐਮ. ਸ੍ਰੀ ਅਮਰਿੰਦਰ ਸਿੰਘ ਮੱਲੀ ਅਤੇ ਸਿਵਲ ਸਰਜਨ ਡਾ. ਰਾਜੇਸ ਕੁਮਾਰ ਬੱਗਾ ਨੇ ਸਥਾਨਕ ਮੈਰੀਟੋਰੀਅਸ ਸਕੂਲ ਅਤੇ ਪੀ.ਏ.ਯੂ. ਕੋਵਿਡ ਕੇਅਰ ਸੈਂਟਰਾਂ ਦਾ ਦੌਰਾ ਕੀਤਾ। ਕੈਪਟਨ ਸੰਧੂ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੁਆਰਾ ਇਸ ਕੋਵਿਡ-19 ਦੀ ਔਖੀ ਘੜੀ ਵਿੱਚ ਕੋਵਿਡ ਕੇਅਰ ਸੈਂਟਰ ਵਿੱਚ 350 ਦੇ ਕਰੀਬ ਹੋਰ ਆਕਸੀਜ਼ਨ ਦੀ ਸਹਾਇਤਾ ਵਾਲੇ ਬਿਸਤਰੇ ਜੋੜਨ ਅਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਰੋਜ਼ਾਨਾ 4 ਹਜ਼ਾਰ ਤੋਂ ਵਧੇਰੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ ਜਿਸ ਵਿੱਚ ਕਰੀਬ 70 ਪ੍ਰਤੀਸ਼ਤ ਟੈਸਟ ਸ਼ਹਿਰੀ ਇਲਾਕਿਆਂ ਵਿੱਚ ਕੀਤੇ ਜਾ ਰਹੇ ਹਨ ਜੋ ਜ਼ਿਲ੍ਹਾ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿੰਆਂ ਕੈਪਟਨ ਸੰਧੂ ਨੇ ਦੱਸਿਆ ਕਿ ਪਹਿਲਾਂ ਮੈਰੀਟੋਰੀਅਸ ਸਕੂਲ ਸਥਿਤ ਆਈਸੋਲੇਸ਼ਨ ਸੈਂਟਰ ਦੀ ਸਮਰੱਥਾ 400 ਬਿਸਤਰਿਆਂ ਦੀ ਸੀ ਜਿਸ ਵਿੱਚ 350 ਦੇੇ ਕਰੀਬ ਹੋਰ ਆਕਸੀਜ਼ਨ ਦੀ ਸਹਾਇਤਾ ਵਾਲੇ ਬਿਸਤਰਿਆਂ ਦਾ ਵਾਧਾ ਕੀਤਾ ਗਿਆ ਹੈ। ਕੈਪਟਨ ਸੰਧੂ ਵਲੋਂ ਪੀ.ਏ.ਯੂ. ਸਥਿਤ ਕੋਵਿਡ ਕੇਅਰ ਸੈਂਟਰ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਦਾਖਲ ਕੋਵਿਡ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਤੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਵੀ ਨਿਰੀਖਣ ਕੀਤਾ। ਕੈਪਟਨ ਸੰਧੂ ਨੇ ਕਿਹਾ ਅਸੀ ਚਰਮ ਸੀਮਾ (peak) ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਹੁਣ ਸਾਡੇ ਲਈ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ 15 ਦਿਨ ਲਈ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸ਼ਖਤੀ ਨਾਲ ਪਾਲਣਾ ਕਰਨ ਤਾਂ ਜੋ ਇਸ ਕਰੋਨਾ ਮਹਾਂਮਾਰੀ ਦਾ ਡਟ ਕੇ ਮੁਕਾਬਲਾ ਕਰ ਸਕੀਏ ਤੇ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਮੁਹਿੰਮ ‘ਮਿਸ਼ਨ ਫਤਿਹ’ ਨੂੰ ਕਾਮਯਾਬ ਬਣਾਈਏ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਸਰਕਾਰੀ ਵੈਬ ਲਿੰਕ ਂ“https://ludhiana.nic.in/…/covid-19-bed-status-in-ludhiana-…/” ਜਾਂ ਵੈਬਸਾਈਟ www.hbmspunjab.in ਰਾਹੀਂ ਖਾਲੀ ਪਈ ਬਿਸਤਰੇ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ਼ ਮੁਹੱਈਆ ਕਰਵਾਉਣ ਵਾਲੇ ਸਾਰੇ ਨਿੱਜੀ ਹਸਪਤਾਲਾਂ ਦਾ ਡਾਟਾ ਵੈਬ ਲਿੰਕਸ ਨਾਲ ਜੋੜ ਦਿੱਤਾ ਗਿਆ ਹੈ। ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋ ‘ਹੋਮ ਆਈਸੋਲੇਸ਼ਨ ਲੁਧਿਆਣਾ’ ਐਪ ਡਾਊਨਲੋਡ ਕਰਕੇ ਘਰ ਬੈਠੇ ਹੀ ਘਰ ਵਿੱਚ ਇਕਾਂਤਵਾਸ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ‘ਹੋਮ ਆਈਸੋਲੇਸ਼ਨ ਲੁਧਿਆਣਾ’ ਐਪ ਰਾਹੀਂ ਵਿੱਚ ਘਰ ਵਿੱਚ ਇਕਾਂਤਵਾਸ ਵਾਸਤੇ ਅਪਲਾਈ ਕਰਨ ਲਈ ਇੱਕ ਵੱਖਰੇ ਕਮਰੇ ਦੀ ਵੀਡੀਓ ਬਣਾਉਣੀ ਹੋਵੇਗੀ, ਜਿਸ ਤੋਂ ਬਾਅਦ ਸਰਕਾਰੀ ਅਧਿਕਾਰੀ ਤੁਹਾਡੇ ਦੁਆਰਾ ਨਿਰਧਾਰਤ ਸਮੇਂ ਦੇ ਅਨੁਸਾਰ ਤੁਹਾਡੇ ਘਰ ਦਾ ਦੌਰਾ ਕਰਨਗੇ ਅਤੇ ਜੇਕਰ ਕੋਵਿਡ-19 ਨਾਲ ਸਬੰਧਤ ਸਾਰੀਆਂ ਸਹੂਲਤਾਂ ਉਪਲੱਬਧ ਪਾਈਆਂ ਗਈਆਂ ਤਾਂ ਘਰ ਵਿੱਚ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰ ‘ਚ ਇਕਾਂਤਵਾਸ ਲਈ ਅਪਲਾਈ ਕਰਨ ਲਈ ਹਸਪਤਾਲ ਨਹੀਂ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਘਰ ‘ਚ ਇਕਾਂਤਵਾਸੀ ਦੀ ਅਰਜ਼ੀ ਮੰਜੂਰ ਹੋ ਜਾਂਦੀ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਸਿਰਫ 10 ਤੋਂ 15 ਮਿੰਟ ਲਈ ਆਪਣੇ ਨੇੜਲੇ ਹਸਪਤਾਲ ਜਾ ਕੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਪਵੇਗੀ। ਕੈਪਟਨ ਸੰਧੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਹੋਰ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੇ ਹਸਪਤਾਲਾਂ ‘ਚ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਤਾਂ ਜੋ ਉਹ ਇਸ ਔਖੀ ਘੜੀ ਸਮੇਂ ਸਮਾਜ ਪ੍ਰਤੀ ਸੱਚੀ ਸੇਵਾ ਨਿਭਾ ਸਕਣ।