
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਨੇ ਅੱਜ ਬਾਜੜਾ ਰੋਡ, ਮੇਹਰਬਾਨ ਵਿਖੇ ਪੀ.ਐਸ.ਪੀ.ਸੀ.ਐਲ. ਦੇ 66 ਕੇ.ਵੀ. ਸਬ ਸਟੇਸ਼ਨ ਦਾ ਉਦਘਾਟਨ ਕਰਦਿਆਂ ਭਰੋਸਾ ਦਿਵਾਇਆ ਕਿ ਵਿਕਾਸ ਪ੍ਰਾਜੈਕਟਾਂ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਘਾਟ ਨਹੀਂ ਹੈ। ਇਸ ਸਬ ਸਟੇਸ਼ਨ ਦਾ ਨਿਰਮਾਣ 9.6 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਸ ਨਾਲ ਆਸ ਪਾਸ ਦੇ ਇਲਾਕਿਆਂ ਵਿਚ ਵਸਦੇ ਵੱਡੀ ਗਿਣਤੀ ਵਿਚ ਵਸਨੀਕਾਂ ਨੂੰ ਲਾਭ ਹੋਵੇਗਾ। ਸ੍ਰੀ ਭਾਰਤ ਭੂਸ਼ਣ ਆਸ਼ੂ ਕੱਲ੍ਹ 15 ਅਗਸਤ, 2020 ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਿਥੇ ਉਹ ਸਵੇਰੇ 9 ਵਜੇ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਸਬ ਸਟੇਸ਼ਨ ‘ਤੇ 31.5 ਐਮ.ਵੀ.ਏ. ਦਾ ਟਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ ਅਤੇ ਜਗੀਰਪੁਰ ਰੋਡ, ਵਰਧਮਾਨ ਮੁਹੱਲਾ, ਬਾਜੜਾ ਰੋਡ, ਬਾਜੜਾ ਪਿੰਡ, ਗੁਰੂ ਵਿਹਾਰ, ਗਹਿਲੇਵਾਲ, ਕ੍ਰਿਸ਼ਨਾ ਕਲੋਨੀ ਆਦਿ ਵਿੱਚ ਵੱਖ ਵੱਖ ਕਲੋਨੀਆਂ ਜਗੀਰਪੁਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਵੇਂ ਸਬ ਸਟੇਸ਼ਨ ਦੇ ਨਾਲ ਨੇੜਲੇ ਹੋਰ ਸਟੇਸ਼ਨਾਂ ਜਿਵੇਂ ਨੂਰਵਾਲਾ ਗਰਿੱਡ, ਗੌਂਸਗੜ ਗਰਿੱਡ ਉੱਤੇ ਲੋਡ ਘੱਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਹੋਰ 66 ਕੇ.ਵੀ. ਸਬ-ਸਟੇਸ਼ਨ ਪਿੰਡ ਜਲਾਲਦੀਵਾਲ ਅਤੇ ਨੇੜੇ ਰਾਏਕੋਟ ਸਥਾਨਕ ਟਿੱਬਾ ਰੋਡ ‘ਤੇ ਕ੍ਰਮਵਾਰ 3.5 ਕਰੋੜ ਰੁਪਏ ਅਤੇ 9 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਤਹਿਤ 19 ਕਰੋੜ ਰੁਪਏ ਦੀ ਲਾਗਤ ਨਾਲ ਘੁਮਾਰ ਮੰਡੀ ਮਾਰਕੀਟ ਰੋਡ ਅਤੇ ਨੈਸ਼ਨਲ ਰੋਡ ਦਾ ਪੁਨਰਗਠਨ ਅਤੇ ਵਿਕਾਸ ਵੀ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵਸਨੀਕਾਂ ਨੂੰ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ, ਮਾਸਕ ਪਹਿਨਣ, ਸਰੀਰਕ ਦੂਰੀ ਬਣਾਏ ਰੱਖਣ ਅਤੇ ਸਫਾਈ ਰੱਖਣ ਦੀ ਅਪੀਲੀ ਕੀਤੀ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।
ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਐਸ.ਡੀ.ਐਮ.(ਪੂਰਬੀ) ਡਾ ਬਲਜਿੰਦਰ ਸਿੰਘ ਢਿੱਲੋਂ, ਪੀ.ਐਸ.ਪੀ.ਸੀ.ਐਲ. ਮੁੱਖ ਇੰਜੀਨੀਅਰ ਸੈਂਟਰਲ ਜੋਨ ਸ੍ਰੀ ਵਰਿੰਦਰਪਾਲ ਸਿੰਘ ਸੈਣੀ, ਸੀਨੀਅਰ ਕਾਂਗਰਸ ਆਗੂ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਸ੍ਰੀ ਅਸ਼ਵਨੀ ਸ਼ਰਮਾ, ਯੂਥ ਕਾਂਗਰਸ ਆਗੂ ਸ੍ਰੀ ਪ੍ਰਿਤਪਾਲ ਸਿੰਘ ਬਲੀਆਵਾਲ, ਐਸ.ਈ. ਈਸਟ ਸ੍ਰੀ ਹਰਜੀਤ ਸਿੰਘ ਗਿੱਲ, ਐਸ.ਈ. ਵੈਸਟ ਸ੍ਰੀ ਸੰਜੀਵ ਪ੍ਰਭਾਕਰ, ਐਸ.ਈ. ਸ੍ਰੀ ਜਸਵੰਤ ਸਿੰਘ ਜ਼ਫਰ, ਜ.ੇਈ. ਸ੍ਰੀ ਨੰਦ ਸਿੰਘ ਤੋਂ ਇਲਾਵਾ ਹੋਰ ਵੀ ਕਈ ਸ਼ਾਮਲ ਹੋਏ।