- ਤੀਸਰੀ ਵੰਨਗੀ ਦੇ ਕਵਿਤਾ ਗਾਇਨ ਮੁਕਾਬਲੇ ਚੱਲਣਗੇ 7 ਅਗਸਤ ਤੱਕ
ਲੁਧਿਆਣਾ, (ਸੰਜੇ ਮਿੰਕਾ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਦੀ ਤੀਸਰੀ ਵੰਨਗੀ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਸਕੂਲੀ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਕੇ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਅਪਲੋਡ ਕਰਕੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀਆਂ ਸਿੱਖਿਆਵਾਂ ਪ੍ਰਤੀ ਆਪਣੀ ਸ਼ਰਧਾ ਦਿਖਾ ਰਹੇ ਹਨ। ਇਹ ਕਵਿਤਾ ਗਾਇਨ ਮੁਕਾਬਲੇ 3 ਅਗਸਤ ਤੋ ਸ਼ੁਰੂ ਹੋਏ ਹਨ। ਜਿਸ ਦੀ ਰੂਪ ਰੇਖਾ ਅਨੁਸਾਰ ਵਿਦਿਆਰਥੀਆਂ ਦੁਆਰਾ 3 ਅਗਸਤ ਤੋਂ 7 ਅਗਸਤ ਰਾਤ 12-00 ਵਜੇ ਤੱਕ ਆਪਣੀ ਪੇਸ਼ਕਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇੇ ਨਿੱਜੀ, ਕਿਸੇ ਨਜ਼ਦੀਕੀ ਜਾ ਅਧਿਆਪਕ ਦੇ ਅਕਾਊਂਟ ਤੋਂ #400 ਸਾਲਾ ਪ੍ਰਕਾਸ ਪੁਰਬ# ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, # ਵਿਦਿਅਕ ਮੁਕਾਬਲੇ-2020 ਲਿਖ ਕੇ ਅਪਲੋਡ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦਾ ਲਿੰਕ ਉਨ੍ਹਾਂ ਦੇ ਸਕੂਲ ਮੁਖੀ ਜਾ ਗਾਈਡ ਅਧਿਆਪਕ ਨੂੰ ਭੇਜਿਆ ਜਾਂਦਾ ਹੈ। ਇਸ ਉਪਰੰਤ ਪੇਸ਼ਕਾਰੀ ਫੇਸਬੁੱਕ, ਇੰਸਟਾਗ੍ਰਾਮ ਜਾਂ ਯੂਟਿਊਬ ‘ਤੇ ਪਾਈ ਜਾਂਦੀ ਹੈ। 08 ਅਗਸਤ ਤੱਕ ਸਕੂਲ ਮੁਖੀ ਵੱਲੋਂ ਸਟੇਟ ਟੀਮ ਦੁਆਰਾ ਭੇਜੇ ਗਏ ਲਿੰਕ ਰਾਹੀਂ ਪ੍ਰਤੀਯੋਗੀਆਂ ਦਾ ਨਤੀਜਾ/ਰਜਿਸਟਰੇਸ਼ਨ ਫਾਰਮ ਅਪਲੋਡ ਕੀਤਾ ਜਾਵੇਗਾ ਅਤੇ 09 ਅਗਸਤ ਨੂੰ ਸਟੇਟ ਤਕਨੀਕੀ ਟੀਮ ਵੱਲੋਂ ਬਲਾਕ ਪੱਧਰ ਮੁਕਾਬਲਿਆਂ ਲਈ ਸਕੂਲਾਂ ‘ਚ ਜੇਤੂਆਂ ਦੀ ਸੂਚਨਾ ਜੱਜ ਸਹਿਬਾਨ ਕੋਲ਼ ਭੇਜੀ ਜਾਵੇਗੀ. ਸਕੂਲੀ ਅਧਿਆਪਕਾਂ ਵੱਲੋ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਜੀਵਨੀ ਬਾਣੀ ਉਸਤਤਿ, ਸ਼ਹੀਦੀ ਅਤੇ ਸਿੱਖਿਆਵਾਂ ‘ਤੇ ਆਧਾਰਿਤ ਇਨ੍ਹਾਂ ਵਿੱਦਿਅਕ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸਵਰਨਜੀਤ ਕੌਰ ਨੇ ਸਾਰੇ ਪ੍ਰਿੰਸੀਪਲ ਸਾਹਿਬਾਨ ਨੂੰ ਆਦੇਸ਼ ਦਿੱਤੇ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿੱਅਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ।