Thursday, April 17

ਸਰਕਾਰੀ ਸਕੂਲ ਦੇ ਵਿਦਿਆਰਥੀ ‘ਮਿਸ਼ਨ ਫਤਿਹ’ ਯੋਧੇ ਬਣਨਗੇ

ਲੁਧਿਆਣਾ, (ਸੰਜੇ ਮਿੰਕਾ)- ਕੋਵਿਡ ਰੋਕਥਾਮ ਉਪਾਵਾਂ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਯਤਨ ਨੂੰ ਜਾਰੀ ਰੱਖਣ ਲਈ ਸਿਵਲ ਸਰਜਨ ਦਫਤਰ ਲੁਧਿਆਣਾ ਦੀਆਂ ਮਾਸ ਮੀਡੀਆ ਟੀਮਾਂ ਨੇ ਲੁਧਿਆਣਾ ਦੇ ਸਿੱਖਿਆ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ। ਟੀਮਾਂ ਨੇ ਇੱਕ ਛੋਟਾ ਵੀਡੀਓ ਪਾਠ ਤਿਆਰ ਕੀਤਾ ਹੈ ਜੋ ਹਰ ਦਿਨ ਆਨਲਾਈਨ ਕਲਾਸ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਸਿਵਲ ਸਰਜਨ ਲੁਧਿਆਣਾ ਡਾ ਰਾਜੇਸ਼ ਕੁਮਾਰ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਟੀਮਾਂ ਵਿਸ਼ੇਸ਼ ਤੌਰ ‘ਤੇ ਕੋਵਿਡ-19 ਦੀ ਰੋਕਥਾਮ ਸਬੰਧੀ ਜਾਗਰੂਕਤਾ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਪਹਿਲਾਂ ਹੀ ਸ਼ਹਿਰ ਦੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਇਸ ਮੁਹਿੰਮ ‘ਚ ਸ਼ਾਮਲ ਕੀਤੇ ਹਨ ਜਿਨ੍ਹਾਂ ਨੇ ਕੋਵਿਡ ਦੇ ਰੋਕਥਾਮ ਉਪਾਵਾਂ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਹੈ ਅਤੇ ਬੱਚਿਆਂ ਨੂੰ ਨਿਸ਼ਚਤ ਰੂਪ ਤੋਂ ਇਸਦਾ ਲਾਭ ਮਿਲ ਰਿਹਾ ਹੈ। ਮਾਸ ਮੀਡੀਆ ਟੀਮਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਡੀ.ਈ.ਓ.) (ਸੈਕੰਡਰੀ) ਨਾਲ ਮੁਲਾਕਾਤ ਕੀਤੀ ਅਤੇ ਕੋਵਿਡ-19 ਬਾਰੇ ਜਾਗਰੂਕ ਰਹਿਣ ਅਤੇ ਰੋਕਥਾਮ ਉਪਾਵਾਂ ਨੂੰ ਪ੍ਰਦਰਸ਼ਤ ਕਰਨ ਲਈ ਉਨ੍ਹਾਂ ਨਾਲ ਤਾਲਮੇਲ ਕੀਤਾ। ਸ੍ਰੀ ਬੱਗਾ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਤਿੰਨ ਵਿਸ਼ੇਸ਼ਤਾਵਾਂ ਜਾਣਨੀਆਂ ਚਾਹੀਦੀਆਂ ਹਨ ਜਿਵੇਂ ਕਿ ਸਮਾਜਕ ਦੂਰੀ ਨੂੰ ਬਣਾਈ ਰੱਖਣਾ, ਘੱਟੋ ਘੱਟ 20 ਸੈਕਿੰਡ ਲਈ ਸਾਬਣ ਅਤੇ ਪਾਣੀ ਨਾਲ ਹੱਥ ਧੋਣਾ ਅਤੇ ਸਹੀ ਢੰਗ ਨਾਲ ਮਾਸਕ ਪਹਿਨਣਾ। ਉਨ੍ਹਾਂ ਕਿਹਾ ਕਿ ਬੱਚੇ ਬਾਹਰ ਜਾ ਕੇ ਦੋਸਤਾਂ ਨਾਲ ਖੇਡਣਾ ਪਸੰਦ ਕਰਦੇ ਹਨ ਪਰ ਹੁਣ ਉਹ ਬੇਲੋੜੇ ਬਾਹਰ ਨਹੀਂ ਜਾ ਰਹੇ ਹਨ ਜੋ ਇਹ ਦਰਸਾਉਂਦਾ ਹੈ ਕਿ ਉਹ ਆਪਣੀ ਸੁਰੱਖਿਆ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਵੀ ਗੰਭੀਰ ਹਨ। ਉਨ੍ਹਾ ਕਿਹਾ ਕਿ ਜਿਹੜਾ ਵੀ ਵਿਅਕਤੀ ਦੂਜਿਆਂ ਨੂੰ ਕੋਵਿਡ-19 ਬਾਰੇ ਸਿਖਾਉਂਦਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ‘ਚ ਮੱਦਦ ਕਰਦਾ ਹੈ ਉਹ ਇਕ ਯੋਧੇ ਤੋਂ ਘੱਟ ਨਹੀਂ ਹੁੰਦਾ ਅਤੇ ਇਸ ਨਾਲ ਸਾਰੇ ਬੱਚੇ ‘ਮਿਸ਼ਨ ਫਤਿਹ’ ਯੋਧੇ ਬਣ ਜਾਣਗੇ। ਉਨ੍ਹਾਂ ਕਿਹਾ ਇਸ ਦੇ ਨਾਲ ਜਲਦ ਹੀ ਉਹ ਹੋਰ ਵੀ ਪਾਠ ਸ਼ਾਮਲ ਕਰਨਗੇ ਜੋ ਇਨ੍ਹਾਂ ਉਪਾਵਾਂ ਦੀ ਮਹੱਤਤਾ ਅਤੇ ਹੱਥ ਧੋਣ ਦੀਆਂ ਸਹੀ ਤਕਨੀਕਾਂ, ਸਮਾਜਿਕ ਦੂਰੀ ਦੀ ਮਹੱਤਤਾ ਅਤੇ ਮਾਸਕ ਲਗਾਉਣ ਅਤੇ ਹਟਾਉਣ ਦੇ ਸਹੀ ਢੰਗ ਸਿਖਾਉਣਗੇ। ਇਸ ਤੋਂ ਇਲਾਵਾ ਟੀਮਾਂ ਨੇ ਸ਼ਹਿਰ ਦੇ ਭੀੜ ਭਰੇ ਥਾਵਾਂ ਦਾ ਦੌਰਾ ਵੀ ਕੀਤਾ ਜਿਥੇ ਉਨ੍ਹਾਂ ਨੇ ਆਪਣੀਆਂ ਆਈ.ਈ.ਸੀ. ਵੈਨਾਂ ਵਿਚ ਫਿੱਟ ਹੋਏ ਪਬਲਿਕ ਐਡਰੈਸ ਸਿਸਟਮ (ਪੀ.ਏ.ਐੱਸ.) ਰਾਹੀਂ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਕੋਵਿਡ-19 ਦੇ ਬਚਾਅ ਸਬੰਧੀ ਹਰ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਾ ਐਪ ਰਾਹੀਂ ਪ੍ਰਾਪਤ ਜਾਣਕਾਰੀ ‘ਤੇ ਭਰੋਸਾ ਜਤਾਉਣ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਅਫਵਾਹਾਂ ਦੀ ਜਾਂਚ ਕਰਨੀ ਚਾਹੀਦੀ ਹੈ।

About Author

Leave A Reply

WP2Social Auto Publish Powered By : XYZScripts.com