- ਲੋਕ ਸਭਾ ਮੈਬਰ ਵੱਲੋ ਕੇਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਮੁਲਾਕਾਤ
ਖੰਨਾ (ਲੁਧਿਆਣਾ) ( ਸੰਜੇ ਮਿੰਕਾ )-ਹਲਕਾ ਫਤਹਿਗੜ੍ਹ ਸਾਹਿਬ ਤੋ ਲੋਕ ਸਭਾ ਮੈਬਰ ਡਾ. ਅਮਰ ਸਿੰਘ ਨੇ ਨਵੀ ਦਿੱਲੀ ਵਿਖੇ ਕੇਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਅਤੇ ਮੰਗ ਰੱਖੀ ਕਿ ਹਲਕਾ ਫਤਹਿਗੜ੍ਹ ਸਾਹਿਬ ਵਿੱਚ ਇੱਕ ਮੈਡੀਕਲ ਕਾਲਜ ਖੋਲ੍ਹਿਆ ਜਾਵੇ। ਡਾ. ਅਮਰ ਸਿੰਘ ਨੇ ਦੱਸਿਆ ਕਿ ਹਲਕਾ ਫਤਹਿਗੜ੍ਹ ਸਾਹਿਬ ਸਿੱਖ ਇਤਿਹਾਸਕ ਪੱਖ ਤੋ ਬਹੁਤ ਹੀ ਮਹੱਤਵਪੂਰਨ ਸ਼ਹਿਰ ਹੈ। ਇਸ ਤੋ ਇਲਾਵਾ ਇਹ ਸ਼ਹਿਰ ਸਨਅਤੀ ਅਤੇ ਵਪਾਰਕ ਕੇਦਰਾਂ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਉੱਤਰੀ ਭਾਰਤ ਦਾ ਸਭ ਤੋ ਵੱਡਾ ਸਟੀਲ ਕਾਰੋਬਾਰ ਦਾ ਕੇਦਰ ਹੈ। ਖੰਨਾ ਵਿੱਚ ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਅਤੇ ਕੈਟਲ ਫੀਡ ਸਨਅਤ ਮੌਜੂਦ ਹੈ। ਇਸੇ ਤਰ੍ਹਾਂ ਸਾਹਨੇਵਾਲ ਲਘੂ, ਸੂਖਮ ਅਤੇ ਦਰਮਿਆਨੇ ਉਦਯੋਗਾਂ ਦਾ ਕੇਦਰ ਹੈ। ਉਨ੍ਹਾਂ ਦੱਸਿਆ ਕਿ ਉਕਤ ਤਿੰਨੋ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਅਤੇ ਪ੍ਰਵਾਸੀ ਮਜ਼ਦੂਰ ਲੋਕ ਵਸਦੇ ਅਤੇ ਕੰਮ ਕਰਦੇ ਹਨ। ਐਨੇ ਸਾਜਗਾਰ ਸਥਿਤੀ ਦੇ ਹੁੰਦਿਆਂ ਇਹ ਸ਼ਹਿਰ ਇੱਕ ਵਧੀਆ ਮੈਡੀਕਲ ਕਾਲਜ ਦੀ ਸਹੂਲਤ ਤੋ ਵਾਂਝਾ ਹੈ। ਇਸ ਕਾਲਜ ਦੀ ਅਣਹੋਦ ਕਾਰਣ ਪੀ.ਜੀ.ਆਈ. ਚੰਡੀਗੜ੍ਹ ਤੇ ਵੀ ਜਿਆਦਾ ਮਰੀਜ਼ਾਂ ਦੀ ਭੀੜ ਪੈਦੀ ਹੈ। ਇਸ ਤੋ ਇਲਾਵਾ ਇਸ ਕਾਲਜ ਦੀ ਅਣਹੋਦ ਕਾਰਣ ਗਰੀਬ ਅਤੇ ਲੋੜਵੰਦ ਲੋਕਾਂ ‘ਤੇ ਆਰਥਿਕ ਅਤੇ ਮਾਨਸਿਕ ਬੋਝ ਵੀ ਬਣਦਾ ਹੈ। ਉਨ੍ਹਾਂ ਕੇਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਕੇਦਰੀ ਸਿਹਤ ਮੰਤਰਾਲੇ ਵੱਲੋ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਇੱਕ ਵਧੀਆ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾਵੇ, ਜਿਸਦਾ ਪੰਜਾਬ ਵਾਸੀ ਲਾਭ ਲੈ ਸਕਣ।