
-ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਫ਼ੋਨ ਕਰਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ
-ਭਾਰਤੀ ਫ਼ੌਜ ਨੇ ਦਿੱਤੀ ਸਲਾਮੀ ਮੌਕੇ ਸ਼ਹੀਦ ਰਾਜਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲੱਗੇ
-ਬ੍ਰਿਗੇਡੀਅਰ ਰਾਣਾਵਤ ਨੇ ਰਾਜਵਿੰਦਰ ਸਿੰਘ ਦੇ ਤਾਬੂਤ ‘ਤੇ ਲਿਪਟਿਆ ਤਿਰੰਗਾ ਸ਼ਹੀਦ ਦੀ ਮਾਤਾ ਨੂੰ ਸੌਂਪਿਆ
ਸਮਾਣਾ/ਪਟਿਆਲਾ, (ਬਿਊਰੋ)-ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਵਿੱਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ ਅਤਿਵਾਦੀਆਂ ਨਾਲ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋਏ ਸਮਾਣਾ ਨੇੜਲੇ ਪਿੰਡ ਦੋਦੜਾ ਦੇ ਵਸਨੀਕ ਤੇ ਭਾਰਤੀ ਫ਼ੌਜ ਦੇ ਨੌਜਵਾਨ ਸੈਨਿਕ ਨਾਇਕ ਰਾਜਵਿੰਦਰ ਸਿੰਘ (29 ਸਾਲ) ਦੇ ਅੰਤਿਮ ਸਸਕਾਰ ਮੌਕੇ ਸਾਰਾ ਪਿੰਡ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਪਰਿਵਾਰ ਦੀ ਦੁੱਖ ਦੀ ਘੜੀ ‘ਚ ਸ਼ਾਮਲ ਹੋਏ ਹਰ ਸ਼ਖ਼ਸ ਨੇ ਭਾਵੁਕ ਹੁੰਦਿਆਂ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਜਦੋਂਕਿ ਸ਼ਹੀਦ ਦੇ ਪਿਤਾ ਸ. ਅਵਤਾਰ ਸਿੰਘ, ਮਾਤਾ ਸ੍ਰੀਮਤੀ ਮਹਿੰਦਰ ਕੌਰ, ਵੱਡੇ ਭਰਾ ਬਲਵੰਤ ਸਿੰਘ ਨੇ ਸ਼ਹੀਦ ਰਾਜਵਿੰਦਰ ਸਿੰਘ ਨੂੰ ਸਲਿਊਟ ਕਰਕੇ ਸਲਾਮੀ ਦਿੱਤੀ। ਅੱਜ ਕਸ਼ਮੀਰ ਤੋਂ ਭਾਰਤੀ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਨਾਇਕ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਲਿਆ ਕੇ ਅੱਗੇ ਪਟਿਆਲਾ ਮਿਲਟਰੀ ਸਟੇਸ਼ਨ ਲਿਆਂਦਾ ਗਿਆ, ਜਿਥੋਂ ਸੜਕ ਰਸਤੇ ਰਾਹੀਂ ਵੱਡੇ ਕਾਫ਼ਲੇ ਨਾਲ ਪਿੰਡ ਦੋਦੜਾ ਵਿਖੇ ਲਿਆਂਦਾ ਗਿਆ। ਇਸ ਮਗਰੋਂ ਪੂਰੇ ਸਰਕਾਰੀ ਤੇ ਫ਼ੌਜੀ ਸਨਮਾਨਾਂ ਸਮੇਤ ਧਾਰਮਿਕ ਰਹੁ ਰੀਤਾਂ ਨਾਲ ਨਾਇਕ ਰਾਜਵਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਸ਼ਹੀਦ ਰਾਜਵਿੰਦਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਦੀ ਤਰਫ਼ੋਂ ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ ਨੇ ਸ਼ਹੀਦ ਦੀ ਦੇਹ ‘ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਉਨ੍ਹਾਂ ਦੇ ਨਿਜੀ ਸਕੱਤਰ ਸ੍ਰੀ ਬਲਵਿੰਦਰ ਸਿੰਘ ਨੇ ਰੀਥ ਰੱਖੀ। ਭਾਰਤੀ ਫ਼ੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਦੀ ਤਰਫ਼ੋਂ ਪਟਿਆਲਾ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਹਰਪਾਲ ਸਿੰਘ ਚੀਮਾ ਨੇ ਵੀ ਰੀਥ ਰੱਖੀ। ਇਸ ਤੋਂ ਪਹਿਲਾਂ ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਪਟਿਆਲਾ ਮਿਲਟਰੀ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਸ਼ਹੀਦ ਦੇ ਤਾਬੂਤ ‘ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਅਤੇ ਪਿਤਾ ਅਵਤਾਰ ਸਿੰਘ ਨੂੰ ਸੌਂਪਕੇ ਸਲਿਊਟ ਕੀਤਾ। ਇਸ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਹੀਦ ਦੇ ਪਰਿਵਾਰ ਨੂੰ ਵੀਡੀਓ ਕਾਲ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਉਹ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਪੰਜਾਬ ਸਰਕਾਰ ਉਨ੍ਹ੍ਹਾਂ ਦੇ ਨਾਲ ਖੜ੍ਹੀ ਹੈ। ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਤਰਫ਼ੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਇਸ਼ਵਿੰਦਰ ਸਿੰਘ ਗਰੇਵਾਲ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਤਰਫ਼ੋਂ ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸ. ਪਲਵਿੰਦਰ ਸਿੰਘ ਚੀਮਾ, ਜ਼ਿਲ੍ਹਾ ਪ੍ਰੀਸ਼ਦ ਦੇ ਵਾਇਸ ਚੇਅਰਮੈਨ ਸ. ਸਤਨਾਮ ਸਿੰਘ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਣ ਦੀ ਤਰਫ਼ੋਂ ਤਹਿਸੀਲਦਾਰ ਸ. ਸੰਦੀਪ ਸਿੰਘ, ਡੀ.ਐਸ.ਪੀ. ਜਸਵੰਤ ਸਿੰਘ ਮਾਂਗਟ, ਟੂ ਕੋਰ ਕਮਾਂਡਰ ਅੰਬਾਲਾ ਦੀ ਤਰਫ਼ੋਂ ਕਰਨਲ ਉਠੱਈਆ, ਵਨ ਆਰਮਡ ਡਵੀਜਨ ਪਟਿਆਲਾ ਦੇ ਜੀਓਸੀ ਦੀ ਤਰਫ਼ੋਂ ਲੈਫਟੀਨੈਂਟ ਕਰਨਲ ਅਨਿਲ ਪੁੰਨ, 53 ਆਰ.ਆਰ. ਦੀ ਤਰਫ਼ੋਂ ਮੇਜਰ ਰਮੇਸ਼ ਭੱਟ ਤੇ ਸੂਬੇਦਾਰ ਹਰਪ੍ਰੀਤ ਸਿੰਘ, ਫਰਸਟ ਗਾਰਡ ਦੀ ਤਰਫ਼ੋਂ ਸੂਬੇਦਰ ਮੈਨਪਾਲ ਸਿੰਘ, 102 ਟੀ.ਏ. ਪੰਜਾਬ ਦੀ ਤਰਫ਼ੋਂ ਲਾਂਸ ਨਾਇਕ ਧਰਮਿੰਦਰ, ਗਾਰਡਸਮੈਂਨ ਦੀ ਤਰਫ਼ੋਂ ਸੈਨਿਕ ਅਕਾਸ਼ ਨੇ ਰੀਥਾਂ ਰੱਖੀਆਂ। ਇਸ ਮੌਕੇ ਜੀ.ਓ.ਜੀ. ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਡੀ.ਐਸ. ਗਰੇਵਾਲ ਦੀ ਤਰਫ਼ੋਂ ਸੂਬੇਦਾਰ ਕੁਲਵੰਤ ਸਿੰਘ ਤੇ ਹੌਲਦਾਰ ਸੁਖਵਿੰਦਰ ਸਿੰਘ, ਛ.ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਜ਼ਿਲ੍ਹਾ ਪ੍ਰਧਾਨ ਆਪ ਚੇਤੰਨ ਸਿੰਘ ਜੌੜੇਮਾਜਰਾ, ਸ. ਹਰਚੰਦ ਸਿੰਘ ਬਰਸਟ, ਬਲਾਕ ਸੰਮਤੀ ਚੇਅਰਮੈਨ ਸ. ਸੋਨੀ ਸਿੰਘ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਸ. ਹਰਦੀਪ ਸਿੰਘ ਕੁਲਾਰਾਂ, ਪੀ.ਐਸ.ਈ.ਬੀ. ਦੇ ਬੋਰਡ ਮੈਂਬਰ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ, ਸਰਪੰਚ ਪਰਮਜੀਤ ਕੌਰ, ਨਿਰਭੈ ਸਿੰਘ ਸਮੇਤ ਵੱਡੀ ਗਿਣਤੀ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਜਿਕਰਯੋਗ ਹੈ ਕਿ 15 ਅਕਤੂਬਰ 1990 ਨੂੰ ਪਿਤਾ ਅਵਤਾਰ ਸਿੰਘ ਤੇ ਮਾਤਾ ਮਹਿੰਦਰ ਕੌਰ ਦੇ ਘਰ ਪੈਦਾ ਹੋਇਆ ਨਾਇਕ ਰਾਜਵਿੰਦਰ ਸਿੰਘ ਭਾਰਤੀ ਫ਼ੌਜ ‘ਚ 24 ਮਾਰਚ 2011 ਨੂੰ ਭਰਤੀ ਹੋਇਆ ਸੀ, ਸਿਖਲਾਈ ਪੂਰੀ ਕਰਨ ਤੋਂ ਬਾਅਦ ਉਸਨੇ 24 ਪੰਜਾਬ ਰੈਜੀਮੈਂਟ ਜੁਆਇਨ ਕੀਤੀ। ਫ਼ੌਜ ਦੇ ਸਭ ਤੋਂ ਵੱਧ ਸਰੀਰਕ ਤੇ ਮਾਨਸਿਕ ਤੌਰ ‘ਤੇ ਫਿੱਟ ਸਿਪਾਹੀਆਂ ਦੇ ਯੂਨਿਟ ਘਾਤਕ ਪਲਟੂਨ ‘ਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਰਾਜਵਿੰਦਰ ਸਿੰਘ ਨੇ ਆਪਣੀ ਇੱਛਾ ਨਾਲ 53 ਰਾਸ਼ਟਰੀਆ ਰਾਈਫਲਜ਼ ਦੇ ਕਾਊਂਟਰ ਟੈਰੋਰਿਸਜ਼ ਆਪ੍ਰੇਸ਼ਨ ਵਿੱਚ ਪੋਸਟਿੰਗ ਕਰਵਾਈ ਸੀ। ਭਾਵੇਂਕਿ ਭਾਰਤੀ ਫ਼ੌਜ ਦੇ ਇਸ ਜਾਂਬਾਜ ਜਵਾਨ ਦੀ ਆਪਣੀ ਰੈਜੀਮੈਂਟ ਨਾਗਾਲੈਂਡ ਵਿਖੇ ਤਾਇਨਾਤ ਹੈ ਪਰੰਤੂ 53 ਰਾਸ਼ਟਰੀਆ ਰਾਈਫ਼ਲਜ਼ ਦੇ ਜਾਂਬਾਜ ਸੈਨਿਕ ਰਾਜਵਿੰਦਰ ਸਿੰਘ ਨੇ ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਪਿੰਡ ਗੋਸੂ ਵਿਖੇ ਅੱਤਵਾਦੀਆਂ ਖ਼ਿਲਾਫ਼ ਫ਼ੌਜ ਦੇ ਚੱਲ ਰਹੇ ਸਰਚ ਉਪਰੇਸ਼ਨ ‘ਚ ਹਿੱਸਾ ਲੈਂਦਿਆਂ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਸਮੇਂ ਸਿੱਧੀ ਗੋਲੀ ਖਾ ਕੇ ਸ਼ਹਾਦਤ ਦਾ ਜਾਮ ਪੀਤਾ। ਸ਼ਹੀਦ ਦੇ ਸਸਕਾਰ ਸਮੇਂ ਭਾਰਤੀ ਸੈਨਾ, ਪੰਜਾਬ ਸਰਕਾਰ, ਜ਼ਿਲ੍ਹਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਵੱਲੋਂ ਹਾਜ਼ਰ ਹੋਈਆਂ ਅਹਿਮ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਆਮ ਲੋਕਾਂ ਨੇ ਸ਼ਹੀਦ ਨੂੰ ‘ਦੇਸ਼ ਭਗਤੀ ਅਤੇ ਸ਼ਹੀਦ ਰਾਜਵਿੰਦਰ ਸਿੰਘ ਅਮਰ ਰਹੇ” ਦੇ ਨਾਅਰੇ ਲਾਉਂਦਿਆਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।