
- ਵਸਨੀਕਾਂ ਨੂੰ ਵਿਸ਼ਵਾਸ ਦਿਵਾਇਆ, ਚੋਣਾਂ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਭਲਕੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਸਬੰਧੀ ਚੋਣ ਪ੍ਰਬੰਧਾਂ ਦਾ ਅੱਜ ਜਾਇਜ਼ਾ ਲਿਆ। ਸਾਹਨੇਵਾਲ ਅਤੇ ਦੋਰਾਹਾ ਵਿਖੇ ਚੋਣਬੱਧ ਇਲਾਕਿਆਂ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਚੋਣਾਂ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ। ਜਿਕਰਯੋਗ ਹੈ ਕਿ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਖੰਨਾ, ਜਗਰਾਉਂ, ਸਮਰਾਲਾ, ਰਾਏਕੋਟ, ਦੋਰਾਹਾ, ਪਾਇਲ ਜਿਮਨੀ ਚੋਣਾਂ ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ 8 (ਜਨਰਲ) ਵਿੱਚ ਅਤੇ ਸਾਹਨੇਵਾਲ ਦੇ ਵਾਰਡ ਨੰਬਰ 6 ਵਿੱਚ ਹੋਣ ਜਾ ਰਹੀਆਂ ਹਨ। ਦੋਵਾਂ ਅਧਿਕਾਰੀਆਂ ਨੇ ਵੋਟਰਾਂ, ਰਾਜਨੀਤਿਕ ਪਾਰਟੀਆਂ ਅਤੇ ਚੋਣ ਅਮਲੇ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਦੇ ਵੱਡੇ ਹਿੱਤ ਵਿੱਚ ਕੋਵਿਡ ਨਾਲ ਸਬੰਧਤ ਪ੍ਰੋਟੋਕਾਲਾਂ ਦੀ ਪਾਲਣਾ ਕਰਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੋਟਿੰਗ ਭਲਕੇ, ਭਾਵ 14 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ, ਜਦੋਂਕਿ ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਨੂੰ ਧਿਆਨ ਵਿਚ ਰੱਖਦਿਆਂ, ਚੋਣ ਪ੍ਰਕਿਰਿਆ ਦੌਰਾਨ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਵਾਲਾ ਐਸ.ਓ.ਪੀ. ਅਪਣਾਇਆ ਜਾਣਾ ਹੈ।