- ਅੰਤਰਰਾਸ਼ਟਰੀ ਲੜਕੀ ਬਾਲ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਕੱਲ੍ਹ
- ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ ਸਮਾਗਮ
- ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਹੋਣਗੇ ਮੁੱਖ ਮਹਿਮਾਨ
ਲੁਧਿਆਣਾ, (ਸੰਜੇ ਮਿੰਕਾ) ਨਾਰੀ ਸਸ਼ਕਤੀਕਰਨ ਵੱਲ ਵੱਡੀ ਪੁਲਾਂਘ ਪੁੱਟਦਿਆਂ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨਾ ਪਹਿਲਾਂ ਹੀ ਬਾਲੜੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਸੂਬੇ ਭਰ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ‘ਧੀਆਂ ਦੀ ਲੋਹੜੀ’ ਸਮਾਗਮ 18 ਜਨਵਰੀ, 2021 ਨੂੰ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਅੰਤਰਰਾਸ਼ਟਰੀ ਲੜਕੀ ਬਾਲ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਕੱਲ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ, ਪ੍ਰਤਾਪ ਚੌਕ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਸ.ਸੁਖਬਿੰਦਰ ਸਿੰਘ ਸਰਕਾਰੀਆ ਮੁੱਖ ਮਹਿਮਾਨ ਹੋਣਗੇ, ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮਾਗਮ ਵਿੱਚ ਵੀਡਿਓ ਕਾਨਫਰੰਸਿੰਗ ਰਾਹੀਂ ਜੁੜਨਗੇ। ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਜ਼ਿਲ੍ਹੇ ਵਿੱਚ ਲੜਕੀਆਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਂਧੀਆਂ ਦੀ ਲੋਹੜੀਂ’ਸਮਾਗਮ ਵਿੱਚ ਨਵ-ਜੰਮੀਆਂ ਲੜਕੀਆਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਸ਼ਹਿਰ ਅਧੀਨ ਆਉਂਦੇ ਇਲਾਕਿਆਂ ਦੀਆਂ 452 ਨਵ-ਜੰਮੀਆਂ ਲੜਕੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 61 ਬੱਚੀਆਂ ਤੇ ਮਾਪਿਆਂ ਨੂੰ ਇਸ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ-19 ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਸਾਰੀਆਂ ਨਵ-ਜੰਮੀਆਂ ਧੀਆਂ ਤੇ ਮਾਪਿਆਂ ਨੂੰ ਇਸ ਸਮਾਗਮ ਵਿੱਚ ਬੁਲਾ ਨਹੀਂ ਸਕਿਆ ਅਤੇ ਇਸ ਲਈ ਅਧਿਕਾਰੀ ਘਰ-ਘਰ ਜਾ ਕੇ ਅਜਿਹੇ ਪਰਿਵਾਰਾਂ ਦਾ ਸਨਮਾਨ ਕਰ ਰਹੇ ਹਨ। ਉਨ੍ਹਾਂ ਪਰਿਵਾਰਾਂ ਨੂੰ ਬੇਬੀ ਕਿੱਟ ਜਿਸ ਵਿੱਚ ਬੇਬੀ ਕੰਬਲ, ਫੋਟੋ ਫਰੇਮ, ਮਠਿਆਈਆਂ ਅਤੇ ਕੁਝ ਹੋਰ ਚੰਗੀਆਂ ਚੀਜ਼ਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਹਸਤਾਖ਼ਰ ਕੀਤੇ ਵਧਾਈ ਪੱਤਰਾਂ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਈ ਸਕੂਲ ਅਤੇ ਕਾਲਜਾਂ ਦੀਆਂ ਸਾਰੀਆਂ ਵਿਦਿਆਰਥਣਾਂ ਤੋਂ ਇਲਾਵਾ ਪੇਂਂਡੂ ਖੇਤਰਾਂ, ਖ਼ਾਸ ਕਰਕੇ ਸੂਬੇ ਭਰ ਦੀਆਂ ਝੁੱਗੀਆਂ ਵਿਚ ਰਹਿਣ ਵਾਲੀਆਂ ਲੜਕੀਆਂ ਨੂੰ ਮੁਫਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਉਮੀਦ ਜਤਾਈ ਕਿ ਅਜਿਹੇ ਕਦਮ ਇਨ੍ਹਾਂ ਲੜਕੀਆਂ ਵਿਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰਨਗੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ.ਗੁਲਬਹਾਰ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਚਰਮ ਸੀਮਾ ਦੌਰਾਨ ਆਂਗਨਵਾੜੀ ਅਤੇ ਆਸ਼ਾ ਵਰਕਰਾਂ ਵੱਲੋਂ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਸਥਿਤ ਸਾਰੇ ਘਰਾਂ ਦਾ ਦੌਰਾ ਕਰਦੀਆਂ ਸਨ ਅਤੇ 11 ਤੋਂ 14 ਸਾਲ ਦੀਆਂ ਅੱਲ੍ਹੜ ਉਮਰ ਦੀਆਂ ਲੜਕੀਆਂ ਨਾਲ ਗੱਲਬਾਤ ਕਰਦੀਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕੀਆਂ ਨੂੰ ਬਾਲ ਵਿਆਹ ਐਕਟ, ਘਰੇਲੂ ਹਿੰਸਾ ਐਕਟ, ਸਿਹਤ ਅਤੇ ਪੋਸ਼ਣ, ਅਨੀਮੀਆ, ਕੈਰੀਅਰ ਦੀ ਸਲਾਹ, ਸੈਨੇਟਰੀ ਪੈਡਾਂ ਦੀ ਵਰਤੋਂ ਦੀ ਮਹੱਤਤਾ ਆਦਿ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕੀਆਂ ਵਿੱਚ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਲਈ ਆਂਗਨਵਾੜੀ ਵਰਕਰਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਰ ਘਰ ਦਾ ਦੌਰਾ ਵੀ ਕਰਦੇ ਹਨ ਅਤੇ ਪਰਿਵਾਰਾਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਦੇ ਹਨ।