Saturday, May 10

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਵੱਲੋਂ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਕੰਨਾ ਦੇ ਮੁਫਤ ਸੁਨਾਈ ਜਾਂਚ ਕੈਂਪ ਦਾ ਆਯੋਜਨ

  • ਬੋਰਡ ਦੇ ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਵਸਨੀਕਾਂ ਨੂੰ ਕੀਤੀ ਅਪੀਲ
  • ਕਿਹਾ! ਇਸ ਕੈਂਪ ਦਾ ਲੈਣ ਵੱਧ ਤੋਂ ਵੱਧ ਲਾਹਾ
  • ਪੰਜਾਬ ਯੂਥ ਡਿਵੈਲਪਮੈਂਟ ਬੋਰਡ ਸੂਬੇ ਦੇ ਵਸਨੀਕਾਂ ਦੀ ਭਲਾਈ ਲਈ ਹੈ ਵਚਨਬੱਧ – ਬਿੰਦਰਾ
  • ਅੱਜ ਤੇ ਕੱਲ 2 ਦਿਨ ਚੱਲੇਗਾ ਇਹ ਕੈਂਪ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਯੂਥ ਡਿਵੈਲਪਮੈਂਟ ਬੋਰਡ ਵੱਲੋਂ ਮਾਈਟੋਨ ਹੀਅਰਿੰਗ ਏਡ ਸੈਂਟਰ ਦੇਂ ਸਹਿਯੋਗ ਨਾਲ ਸਥਾਨਕ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਮਾਡਲ ਟਾਊਨ, ਲੁਧਿਆਣਾ ਵਿਖੇ ਦੋ ਦਿਨਾਂ ਕੰਨਾ ਦਾ ਮੁਫ਼ਤ ਸੁਨਾਈ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ, ਜਿਸਦਾ ਉਦਘਾਟਨ ਬੋਰਡ ਦੇ ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਕੀਤਾ ਗਿਆ। ਇਹ ਕੈਂਪ ਕੱਲ ਐਤਵਾਰ ਤੱਕ ਚੱਲੇਗਾ।
ਚੇਅਰਪਰਸਨ ਸ੍ਰੀ ਬਿੰਦਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਸੂਬੇ ਦੇ ਵਸਨੀਕਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਪੰਜਾਬ ਸੂਬਾ ਕੋਰੋਨਾ ਮਹਾਂਮਾਰੀ ਤੋਂ ਅਜੇ ਪੂਰੀ ਤਰ੍ਹਾਂ ਨਾਲ ਉੱਭਰ ਨਹੀਂ ਸਕਿਆ ਹੈ ਅਤੇ ਕੋਰੋਨਾ ਕਾਲ ਦੋਰਾਨ ਆਮ ਜਨਤਾ ਵੱਖ-ਵੱਖ ਬਿਮਾਰੀਆਂ ਕਾਰਨ ਕਾਫੀ ਪ੍ਰਭਾਵਿਤ ਹੋਈ ਜਿਸ ਵਿੱਚ ਕੰਨਾਂ ਦੇ ਰੋਗ ਵੀ ਸ਼ਾਮਲ ਹਨ। ਸ੍ਰੀ ਬਿੰਦਰਾ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਪ੍ਰਬੰਧਕ ਕਮੇਟੀ ਜਿਸ ਵਿੱਚ ਸ.ਸੁਰਿੰਦਰ ਪਾਲ ਸਿੰਘ ਬਿੰਦਰਾ, ਬਾਬਾ ਅਜੀਤ ਸਿੰਘ ਅਤੇ ਸ.ਕੰਵਲਜੀਤ ਸਿੰਘ ਦੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਮਾਈਟੋਨ ਹੀਅਰਿੰਗ ਏਡ ਸੈਂਟਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਹੋਰ ਸੰਸਥਾਂਵਾਂ ਨੂੰ ਵੀ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੈਂਪ 02 ਅਤੇ 03 ਜਨਵਰੀ, 2020 ਦੋ ਦਿਨ ਚੱਲੇਗਾ, ਜਿਸ ਦਾ ਸਮਾਂ ਸਵੇਰੇ 10 ਤੋਂ ਸ਼ਾਮ 02 ਵਜੇ ਤੱਕ ਹੋਵੇਗਾ। ਇਸ ਕੈਂਪ ਵਿੱਚ ਕੰਨਾ ਦਾ ਮੁਫ਼ਤ ਨੀਰੀਖਣ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੰਨਾਂ ਦੇ ਸੁਣਨ ਵਾਲੀ ਮਸ਼ੀਨ ਜਿਸਦੀ ਕੀਮਤ ਕਰੀਬ 8 ਹਜ਼ਾਰ ਰੁਪਏ ਹੈ, ਉਹ 1500 ਰੁਪਏ ਵਿਚ ਮੁਹੱਈਆ ਕਰਵਾਈ ਜਾਵੇਗੀ। ਸ੍ਰੀ ਬਿੰਦਰਾ ਨੇ ਕਿਹਾ ਉਨ੍ਹਾਂ ਦਾ ਟੀਚਾ ਹੈ ਕਿ ਇਨ੍ਹਾਂ ਕੈਂਪਾਂ ਰਾਹੀਂ ਲੋੜਵੰਦ ਵਸਨੀਕਾਂ ਨੂੰ ਉੱਚ ਪੱਧਰ ਦਾ ਮੁਫ਼ਤ ਇਲਾਜ਼ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਸੂਬੇ ਦੇ ਵਸਨੀਕਾਂ ਦੇ ਭਲਾਈ ਅਤੇ ਸੇਵਾ ਲਈ ਹਮੇਸ਼ਾ ਤੱਤਪਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਕੈਂਪ ਵੀ ਲਗਾਏ ਜਾਣਗੇ। ਕੰਨਾਂ ਦੇ ਮਾਹਰ ਡਾ. ਵਿਮਲੇਸ਼ ਕੁਮਾਰ ਸ੍ਰੀਵਾਸਤਵ ਨੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਰਹਿਨੁਮਾਈ ਕਰਕੇ ਮਾਈਟੋਨ ਹੀਅਰਿੰਗ ਏਡ ਸੈਂਟਰ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।
ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬਾਬਾ ਅਜੀਤ ਸਿੰਘ ਵੱਲੋਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਕੈਂਪ ਦਾ ਆਯੋਜਨ ਹੋਇਆ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਨਿਤਨ ਟੰਡਨ, ਸ੍ਰੀਮਤੀ ਸਾਧਨਾ ਸ੍ਰੀਵਾਸਤਵ, ਡਿਪਟੀ ਮੈਨੇਜਰ ਨੀਤੂ ਸ਼ੁਕਲਾ, ਸਹਾਇਕ ਆਡਿਓਲੋਜਿਸਟ ਪੱਲਵੀ, ਸਹਾਇਕ ਗੌਰਵ ਅਤੇ ਕੌਸਲਰ ਸ.ਹਰਭਜਨ ਸਿੰਘ ਡੰਗ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com